ਟਰਾਲੀ ਪਾਰਟਸ ''ਤੇ ਜੀ. ਐੱਸ. ਟੀ. ਦੀ ਦਰ 12 ਫੀਸਦੀ ਕਰਨ ਸੰਬੰਧੀ ਮਨਪ੍ਰੀਤ ਬਾਦਲ ਨੂੰ ਸੌਂਪਿਆ ਮੰਗ-ਪੱਤਰ

Wednesday, Aug 02, 2017 - 01:05 PM (IST)

ਜਲੰਧਰ(ਖੁਰਾਣਾ)— ਟਰਾਲੀ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਮੈਂਬਰਾਂ ਸੰਜੇ ਗੁਪਤਾ, ਸੁਨੀਲ ਸ਼ਰਮਾ, ਵਿਕਾਸ ਸ਼ਰਮਾ, ਅੰਕੁਰ ਮੋਂਗਾ ਤੇ ਦੀਪਕ ਸ਼ਰਮਾ ਆਦਿ ਨੇ ਅੱਜ ਚੰਡੀਗੜ੍ਹ ਵਿਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਵਿਚ ਮੰਗ ਕੀਤੀ ਗਈ ਕਿ ਟਰਾਲੀ ਪਾਰਟਸ 'ਤੇ ਜੀ. ਐੱਸ. ਟੀ. ਦਰ 12 ਫੀਸਦੀ ਕੀਤੀ ਜਾਵੇ। ਇਨ੍ਹਾਂ ਨੁਮਾਇੰਦਿਆਂ ਨੇ ਦੱਸਿਆ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਜੀ. ਐੱਸ. ਟੀ. ਦੇ ਤਹਿਤ ਟਰੈਕਟਰ ਅਤੇ ਟਰਾਲੀਆਂ 'ਤੇ 12 ਫੀਸਦੀ ਦਰ ਤੈਅ ਕੀਤੀ ਗਈ ਹੈ, ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ 'ਤੇ 5 ਫੀਸਦੀ ਵੈਟ ਲੱਗਦਾ ਸੀ। ਇਸ ਵਾਰ ਜੀ. ਐੱਸ. ਟੀ. ਵਿਚ ਟਰੈਕਟਰ ਟਰਾਲੀ ਪਾਰਟਸ 'ਤੇ 28 ਫੀਸਦੀ ਜੀ. ਐੱਸ. ਟੀ. ਲਗਾ ਦਿੱਤਾ ਗਿਆ ਹੈ, ਜਿਸ ਨਾਲ ਟਰੈਕਟਰ-ਟਰਾਲੀ ਪਾਰਟਸ ਬਣਾਉਣ ਵਾਲੇ ਉਤਪਾਦਕ ਕਾਫੀ ਪ੍ਰੇਸ਼ਾਨ ਹਨ ਤੇ ਕਈ ਹੁਣ ਬੰਦ ਹੋਣ ਕੰਢੇ ਹਨ। ਅਜਿਹੇ ਕਈ ਉਦਯੋਗ ਥੋੜ੍ਹੀ ਪੂੰਜੀ ਨਾਲ ਚੱਲ ਰਹੇ ਹਨ। ਜੇਕਰ ਜਲਦੀ ਹੀ ਹੱਲ ਨਾ ਕੱਢਿਆ ਗਿਆ ਤਾਂ ਇਹ ਇੰਡਸਟਰੀ ਤਬਾਹ ਹੋ ਜਾਵੇਗੀ, ਜਿਸ ਨਾਲ ਅਣਗਿਣਤ ਪਰਿਵਾਰਾਂ ਲਈ ਰੋਜ਼ੀ ਰੋਟੀ ਦਾ ਸੰਕਟ ਪੈਦਾ ਹੋ ਜਾਵੇਗਾ। ਐਸੋਸੀਏਸ਼ਨ ਨੇ ਮਨਪ੍ਰੀਤ ਬਾਦਲ ਕੋਲ ਇਨ੍ਹਾਂ ਪਾਰਟਸ 'ਤੇ 12 ਫੀਸਦੀ ਜੀ. ਐੱਸ. ਟੀ. ਲਾਉਣ ਲਈ ਜ਼ਰੂਰੀ ਕਾਰਵਾਈ ਦੀ ਮੰਗ ਕੀਤੀ ਹੈ।


Related News