ਜਲੰਧਰ: ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਲੱਗੀ ਅੱਗ; ਬਿਜਲੀ ਦਾ ਖੰਬਾ ਵੀ ਉਖੜਿਆ
Sunday, Feb 01, 2026 - 11:02 PM (IST)
ਜਲੰਧਰ (ਕੁੰਦਨ, ਪੰਕਜ): ਸ਼ਹਿਰ ਦੇ ਸੋਡਲ ਮੰਦਰ ਨਜ਼ਦੀਕ ਪੈਂਦੇ ਪ੍ਰੀਤ ਨਗਰ ਇਲਾਕੇ ਵਿੱਚ ਇੱਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਮਲੀਲਾ ਗਰਾਊਂਡ ਦੇ ਬਿਲਕੁਲ ਸਾਹਮਣੇ ਇੱਕ ਗੱਡੀ ਚਾਲਕ ਨੇ, ਜੋ ਨਸ਼ੇ ਦੀ ਹਾਲਤ ਵਿੱਚ ਸੀ, ਇੱਕ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਨੂੰ ਮੌਕੇ 'ਤੇ ਹੀ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਹ ਗੱਡੀ ਤੋਂ ਸੰਤੁਲਨ ਖੋਹ ਬੈਠਾ ਅਤੇ ਇਹ ਹਾਦਸਾ ਵਾਪਰ ਗਿਆ। ਘਟਨਾ ਤੋਂ ਬਾਅਦ ਮੌਕੇ 'ਤੇ ਮਹੱਲੇ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ।
ਹਾਦਸੇ ਦੌਰਾਨ ਗੱਡੀ ਬੇਕਾਬੂ ਹੋ ਕੇ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ, ਜਿਸ ਕਾਰਨ ਖੰਬਾ ਪੁੱਟਿਆ ਗਿਆ ਅਤੇ ਗੱਡੀ ਦੇ ਉੱਪਰ ਹੀ ਡਿੱਗ ਪਿਆ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਗੱਡੀ ਨੂੰ ਉੱਥੋਂ ਹਿਲਾਉਣ ਜਾਂ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਖੰਬਾ ਪੂਰੀ ਤਰ੍ਹਾਂ ਡਿੱਗ ਸਕਦਾ ਹੈ, ਜਿਸ ਨਾਲ ਕਿਸੇ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਤਰਾ ਹੈ।
