ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਗੁਟਕਾ ਸਾਹਿਬ ਦੀ ਬੇਅਦਬੀ

Sunday, Feb 01, 2026 - 11:43 PM (IST)

ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਗੁਟਕਾ ਸਾਹਿਬ ਦੀ ਬੇਅਦਬੀ

ਲੋਹੀਆਂ ਖ਼ਾਸ (ਸੁਖਪਾਲ ਰਾਜਪੂਤ) - ਲੋਹੀਆਂ ਖਾਸ ਦੇ ਟੀ ਪੁਆਇੰਟ ਨੇੜੇ ਪੈਂਦੀ ਪੁਲੀ ਤੋਂ ਲੈ ਕੇ ਮਨਜੀਤ ਸਿੰਘ ਦੀ ਵਰਕਸ਼ਾਪ ਤੱਕ ਅਣਪਛਾਤੇ ਵਿਅਕਤੀ ਵੱਲੋਂ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕਰਨ ਦੀ ਨੀਯਤ ਨਾਲ ਸੁੱਟੇ ਜਾਣ ਦੀ ਸੂਚਨਾ ਤੋਂ ਬਾਅਦ ਲੋਕਾਂ 'ਚ ਕਾਫੀ ਰੋਸ ਪਾਇਆ ਗਿਆ।

ਐੱਸ.ਐੱਚ.ਓ. ਗੁਰਸ਼ਰਨ ਸਿੰਘ ਵੱਲੋਂ ਕਿਹਾ ਗਿਆ ਕਿ ਬੀਤੇ ਇਕ ਦੋ ਦਿਨ ਪਹਿਲਾਂ ਹੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਸੁੱਟੇ ਗਏ ਹੋ ਸਕਦੇ ਹਨ। ਨੇੜੇ ਹੀ ਮਨਜੀਤ ਸਿੰਘ ਦੀ ਵਰਕਸ਼ਾਪ 'ਚ ਕੰਮ ਕਰਦੇ ਵਰਕਰਾਂ ਨੂੰ ਵੀ ਗੁਟਕਾ ਸਾਹਿਬ ਜੀ ਦੇ ਅੰਗ ਸੜਕ ਤੋਂ ਮਿਲੇ ਸਨ ਜੋ ਉਹਨਾਂ ਨੇ ਚੁੱਕ ਕੇ ਪਾਣੀ ਵਾਲੀ ਗਲਾਸੀ 'ਚ ਪਾ ਦਿੱਤੇ ਅਤੇ ਵਰਕਸ਼ਾਪ ਵਾਲਿਆਂ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲਿਆ। 1 ਫਰਵਰੀ ਨੂੰ ਇਕ ਟਰੈੱਕਟਰ ਮਕੈਨਿਕ ਦੀ ਨਿਗਾਹ ਫਟੇ ਹੋਏ ਅੰਗਾਂ 'ਤੇ ਪਏ ਤਾਂ ਹੋਰ ਅੰਗ ਲੱਭਣ ਦੀ ਕੋਸ਼ਿਸ਼ ਸਦਕਾ ਕਈ ਹੋਰ ਫਟੇ ਹੋਏ ਅੰਗ ਵੀ ਮਿਲ ਗਏ। ਲੋਕਾਂ ਨੇ 112 ਨੰਬਰ 'ਤੇ ਸੂਚਨਾ ਦੇਣ 'ਤੇ ਸਥਾਨਕ ਥਾਣੇ ਦੀ ਪੁਲਸ ਵੀ ਪਹੁੰਚ ਗਈ ਅਤੇ ਉਹਨਾਂ ਵੱਲੋਂ ਵੀ ਪੱਤਰਿਆਂ ਦੀ ਭਾਲ ਕੀਤੀ ਗਈ। ਐੱਸ.ਐੱਚ.ਓ. ਵੱਲੋਂ ਕਿਹਾ ਗਿਆ ਕਿ ਟੀ ਪੁਆਇੰਟ ਤੋਂ ਲੈ ਕੇ ਸੁਲਤਾਨਪੁਰ ਵਾਲੇ ਫਾਟਕ ਤੱਕ ਭਾਲ ਕੀਤੀ ਜਾਵੇਗੀ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਅਤੇ ਕਈ ਹੋਰ ਇਨਸਾਫ਼ ਪੰਸਦ ਲੋਕ ਵੀ ਪਹੁੰਚ ਗਏ, ਦਰਸ਼ਨ ਸਿੰਘ ਪੇਟੀਆਂ ਵਾਲੇ, ਆਤਮਾ ਸਿੰਘ ਜਲਾਲ ਪੁਰ, ਡਾ. ਜਗਜੀਤ ਸਿੰਘ ਜੱਜ, ਫੁੱਮ੍ਹਣ ਸਿੰਘ, ਮਨਜੀਤ ਸਿੰਘ, ਦਰਬਾਰਾ ਸਿੰਘ, ਅਮ੍ਰਿਤਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਮਿੰਦਰ ਸਿੰਘ, ਬਲਕਾਰ ਸਿੰਘ ਜਲਾਲਪੁਰ, ਗੁਰਮੇਜ ਲੱਡਾ, ਅਮਰੀਕ ਸਿੰਘ ਖੋਸਾ ਅਤੇ ਦਿਲਬਾਗ ਸਿੰਘ ਰਾਈ ਵਾਲ ਵੱਲੋਂ ਸ਼ਰਾਰਤੀ ਅਨਸਰਾਂ ਦੀ ਘੋਰ ਨਿੰਦਿਆ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਦੋਸ਼ੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸਥਾਨਕ ਪੁਲਸ ਵੱਲੋਂ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਦਿਆਂ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News