ਘੋੜੀ ਚੜ੍ਹੇ ਲਾੜੇ ਨੂੰ ਗੋਲੀ ਮਾਰਨ ਦੇ ਮਾਮਲੇ ਨੇ ਲਿਆ ਨਵਾਂ ਮੋੜ, ਪੁਲਸ ਦਾ ਵੱਡਾ ਖੁਲਾਸਾ
Saturday, Feb 16, 2019 - 06:47 PM (IST)
ਅੰਮ੍ਰਿਤਸਰ (ਬੌਬੀ) : ਪੁਲਸ ਵਲੋਂ ਇਕ ਮਹੀਨਾ ਪਹਿਲਾਂ ਸਿਹਰਾ ਬੰਨ ਕੇ ਘੋੜੀ 'ਤੇ ਬੈਠ ਕੇ ਬਾਰਾਤ ਲੈ ਕੇ ਜਾ ਰਹੇ ਲਾੜੇ ਨੂੰ ਵੱਜੀ ਗੋਲੀ ਦਾ ਮਾਮਲਾ ਸੁਲਝਾ ਲਿਆ ਹੈ। ਪੁਲਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਲਾੜੇ ਨੂੰ ਗੋਲੀ ਮਾਰਨ ਵਾਲਾ ਦੋਸ਼ੀ ਪਿਛਲੇ ਲੰਬੇ ਸਮੇ ਤੋਂ ਉਸ ਨਾਲ ਰੰਜਿਸ਼ ਰੱਖਦਾ ਸੀ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆ ਡੀ. ਸੀ. ਪੀ. ਇੰਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਕੱਟੜਾ ਕਰਮ ਸਿੰਘ ਵਿਖੇ ਇਕ ਮਹੀਨਾ ਪਹਿਲਾਂ ਰਾਤ ਸਮੇਂ ਇਕ ਬਰਾਤ ਵਿਚ ਦਾਖਲ ਹੋ ਕੇ ਘੋੜੀ 'ਤੇ ਚੜੇ ਲਾੜੇ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਆ ਸੀ। ਪੁਲਸ ਵਲੋਂ ਤੁਰੰਤ ਥਾਣਾ ਸੀ ਡਵੀਜ਼ਨ ਵਿਖੇ ਇਸ ਸਬੰਧੀ ਪਰਚਾ ਦਰਜ ਕਰ ਦਿੱਤਾ ਗਿਆ ਸੀ। ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਸਨ ਕਿ ਜਲਦ ਮਾਮਲੇ ਨੂੰ ਹੱਲ ਕੀਤਾ ਜਾਵੇ।
ਜਗਮੋਹਨ ਸਿੰਘ ਨੇ ਦੱਸਿਆ ਕਿ ਐਕਸਾਈਜ਼ ਸਟਾਫ ਦੇ ਇੰਸਪੈਕਟਰ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਪਰਮਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ, ਇਸ ਦੌਰਾਨ ਉਨ੍ਹਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਭਰਾੜੀਵਾਲ ਨੇੜੇ ਪਾਣੀ ਵਾਲੀ ਟੈਂਕੀ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ। ਡੀ. ਸੀ.ਪੀ. ਇੰਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਨਿਤਿਨ ਨਾਹਰ ਪੁੱਤਰ ਅਸ਼ਰੂ ਵਾਸੀ ਇੰਦਰਾ ਕਲੋਨੀ, ਝਬਾਲ ਰੋਡ ਪਾਸੋਂ 1 ਪਿਸਤੌਲ 32 ਬੋਰ ਸਮੇਤ 2 ਜ਼ਿੰਦਾ ਕਾਰਤੂਸ ਅਤੇ ਅਜਮੇਰ ਸਿੰਘ ਉਰਫ ਅਜਮੇਰ ਪੁੱਤਰ ਤਰਸੇਮ ਸਿੰਘ ਵਾਸੀ ਖਜਾਨਾ ਗੇਟ ਪਾਸੋਂ 1 ਪਿਸਤੋਲ 32 ਬੋਰ ਸਮੇਤ 2 ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ।
ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਕੱਟੜਾ ਕਰਮ ਸਿੰਘ ਵਿਖੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਲਾੜੇ ਨਾਲ ਪੁਰਾਣੀ ਰੰਜਿਸ਼ ਸੀ। ਮੁਲਜ਼ਮਾਂ ਪਾਸੋਂ ਪੁਲਸ ਵਲੋਂ ਕੀਤੀ ਪੁੱਛਗਿੱਛ ਵਿਚ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਉਕਤ ਨਾਜਾਇਜ਼ ਅਸਲਾ ਮੇਰਠ (ਉਤਰ ਪ੍ਰਦੇਸ਼) ਤੋਂ ਲੈ ਕੇ ਆਏ ਸਨ। ਡੀ.ਸੀ.ਪੀ ਇੰਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਦੌਰਾਨ ਸ਼ਹਿਰ ਵਿਚ ਕੀਤੀਆ ਹੋਈਆਂ ਹੋਰ ਵਾਰਦਾਤਾਂ ਨੂੰ ਸੁਲਝਾਉਣ ਅਤੇ ਇਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ ਜਾਂ ਨਹੀਂ, ਇਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।