ਕਰਿਆਨੇ ਦੀ ਦੁਕਾਨ ''ਚ ਲੱਗੀ ਅੱਗ
Friday, Nov 10, 2017 - 02:35 AM (IST)
ਕੋਟਕਪੂਰਾ, (ਨਰਿੰਦਰ)- ਨਵੇਂ ਬੱਸ ਸਟੈਂਡ ਨੇੜੇ ਇਕ ਕਰਿਆਨੇ ਦੀ ਦੁਕਾਨ 'ਚ ਅੱਗ ਲੱਗ ਗਈ।
ਜਾਣਕਾਰੀ ਅਨੁਸਾਰ ਬੱਸ ਸਟੈਂਡ ਨੇੜੇ ਦਸਮੇਸ਼ ਮਾਰਕੀਟ 'ਚ ਸਥਿਤ ਇਕ ਦੁਕਾਨ, ਜਿਸ ਵਿਚ ਕਰਿਆਨੇ ਦਾ ਸਾਮਾਨ ਪਿਆ ਸੀ, ਦੇ ਪਿਛਲੇ ਪਾਸੇ ਦੁਪਹਿਰ ਪੌਣੇ 1 ਵਜੇ ਦੇ ਕਰੀਬ ਅੱਗ ਲੱਗ ਗਈ। ਦੁਕਾਨ ਵਿਚੋਂ ਧੂੰਆਂ ਨਿਕਲਦਾ ਵੇਖ ਕੇ ਤੁਰੰਤ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਧੂੰਆਂ ਵਧਦਾ ਗਿਆ ਤਾਂ ਇਸ ਦੀ ਸੂਚਨਾ ਫ਼ਾਇਰ ਬ੍ਰਿਗੇਡ ਕੋਟਕਪੂਰਾ ਨੂੰ ਦਿੱਤੀ ਗਈ।
ਸੂਚਨਾ ਮਿਲਣ 'ਤੇ ਗੁਰਬਖਸ਼ ਸਿੰਘ ਸੀਨੀਅਰ ਫ਼ਾਇਰ ਅਫ਼ਸਰ ਦੀ ਅਗਵਾਈ ਹੇਠ ਸੁਖਵਿੰਦਰ ਸਿੰਘ, ਮਨਦੀਪ ਸਿੰਘ, ਗੁਰਇਕਬਾਲ ਸਿੰਘ, ਸੁਖਚਰਨ ਸਿੰਘ ਸਾਰੇ ਫ਼ਾਇਰਮੈਨ ਤੇ ਡਰਾਈਵਰ ਹਰਦੀਪ ਸਿੰਘ ਜੈਤੋ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਦੁਕਾਨ ਦੇ ਪਿਛਲੇ ਪਾਸੇ ਵਾਲਾ ਸ਼ਟਰ ਤੋੜ ਕੇ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਇਸ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਿਟੀ ਕੋਟਕਪੂਰਾ ਦੇ ਐੱਸ. ਐੱਚ. ਓ. ਖੇਮ ਚੰਦ ਪਰਾਸ਼ਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਆਪਣੀ ਨਿਗਰਾਨੀ ਹੇਠ ਬਚਾਅ ਕਾਰਜ ਕਰਵਾਏ।
ਦੁਕਾਨ ਮਾਲਕ ਧਰਮਪਾਲ ਵਿਨੋਚਾ ਨੇ ਦੱਸਿਆ ਕਿ ਜਲਦੀ ਪਤਾ ਲੱਗਣ ਕਾਰਨ ਜ਼ਿਆਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਅੱਗ ਕਾਰਨ ਹੋਏ ਨੁਕਸਾਨ ਦਾ ਅਜੇ ਕੋਈ ਪਤਾ ਨਹੀਂ ਲੱਗ ਸਕਿਆ।
