ਅੱਧੀ ਰਾਤ ਨੂੰ ਸੁੱਤੇ ਪਏ ਬੰਦੇ ਦੀ ਧੋਣ ''ਚ ਮਾਰੀ ਗੋਲ਼ੀ!
Thursday, Jul 09, 2026 - 06:16 PM (IST)
ਬਠਿੰਡਾ (ਵਿਜੈ ਵਰਮਾ) ਜ਼ਿਲ੍ਹੇ ਦੇ ਪਿੰਡ ਲੇਲੇਵਾਲਾ ਵਿਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਦੋਸ਼ ਹੈ ਕਿ ਪਿੰਡ ਦੇ ਹੀ ਇਕ ਸਾਬਕਾ ਫੌਜੀ ਨੇ ਦੇਰ ਰਾਤ ਘਰ ਵਿਚ ਦਾਖ਼ਲ ਹੋ ਕੇ ਸੁੱਤੇ ਪਏ ਵਿਅਕਤੀ ਦੀ ਗਰਦਨ ਵਿਚ ਗੋਲੀ ਮਾਰ ਦਿੱਤੀ। ਗੰਭੀਰ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਜ਼ਖ਼ਮੀ ਗੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਘਰ ਵਿਚ ਸੁੱਤਾ ਹੋਇਆ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਅਤੇ ਉਸ ਦੀ ਗਰਦਨ ਦੇ ਪਿਛਲੇ ਹਿੱਸੇ ਵਿਚ ਗੋਲੀ ਲੱਗ ਗਈ। ਗੋਲੀ ਲੱਗਦੇ ਹੀ ਉਹ ਖੂਨ ਨਾਲ ਲੱਥਪੱਥ ਹੋ ਕੇ ਹੇਠਾਂ ਡਿੱਗ ਪਿਆ। ਰੌਲਾ ਸੁਣ ਕੇ ਉਸ ਦੀ ਪਤਨੀ ਸੁਖਵੀਰ ਕੌਰ ਅਤੇ ਧੀ ਹਰਮਨਦੀਪ ਕੌਰ ਮੌਕੇ 'ਤੇ ਪਹੁੰਚੀਆਂ। ਉਨ੍ਹਾਂ ਦਾ ਦੋਸ਼ ਹੈ ਕਿ ਮੌਕੇ 'ਤੇ ਪਿੰਡ ਦਾ ਰਹਿਣ ਵਾਲਾ ਅਤੇ ਸਾਬਕਾ ਫੌਜੀ ਗੁਰਪ੍ਰੇਮ ਸਿੰਘ ਮੌਜੂਦ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਦੇ ਅਨੁਸਾਰ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਹਥਿਆਰ ਨਾਲ ਗੋਲੀ ਚਲਾਈ। ਪਹਿਲਾਂ ਉਸ ਨੂੰ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਦੇ ਮੱਦੇਨਜ਼ਰ ਉੱਚ ਪੱਧਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਉਸ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਰਾਮ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿਚ ਦੋਵਾਂ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਮੁਲਜ਼ਮ ਦੇ ਕਾਬੂ ਆਉਣ ਤੋਂ ਬਾਅਦ ਇਸ ਵਾਰਦਾਤ ਦੇ ਅਸਲ ਕਾਰਨਾਂ ਦਾ ਹੋਰ ਖੁਲਾਸਾ ਹੋ ਸਕੇਗਾ।
