ਸਰਕਾਰੀ ਹਸਪਤਾਲ ’ਚ ਸਫ਼ਾਈ ਸੇਵਕ ਦੀ ਮੌਤ, ਪਰਿਵਾਰ ਨੇ ਲਗਾਏ ਦੋਸ਼
Thursday, Jul 09, 2026 - 11:12 AM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਸਿਵਲ ਹਸਪਤਾਲ ਗੋਨਿਆਣਾ ’ਚ ਤਾਇਨਾਤ ਸਫ਼ਾਈ ਸੇਵਕ ਗੁਰਦੀਪ ਸਿੰਘ ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ’ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਪਿਛਲੇ ਕਰੀਬ 12 ਸਾਲਾਂ ਤੋਂ ਹਸਪਤਾਲ ’ਚ ਨੌਕਰੀ ਕਰ ਰਿਹਾ ਸੀ। ਉਨ੍ਹਾਂ ਦੇ ਦੋਸ਼ ਹਨ ਕਿ ਕੁੱਝ ਸਮੇਂ ਤੋਂ ਇਕ ਸੀਨੀਅਰ ਅਧਿਕਾਰੀ ਵੱਲੋਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਰਾਤ ਸਮੇਂ ਜੋ ਮਰੀਜ਼ਾਂ ਦੇ ਨਾਲ ਵਾਰਸ ਸਨ ਉਨ੍ਹਾਂ ਵੱਲੋਂ ਜਦੋਂ ਵਾਰ-ਵਾਰ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਅੰਦਰੋਂ ਕੁੰਡੀ ਬੰਦ ਮਿਲੀ।
ਲਗਾਤਾਰ 10 ਘੰਟੇ ਬਾਥਰੂਮ ਦੀ ਕੁੰਡੀ ਬੰਦ ਰਹੀ ਪਰ ਇਸ ਦੇ ਬਾਵਜੂਦ ਵੀ ਹਸਪਤਾਲ ਦੇ ਸਟਾਫ਼ ਵੱਲੋਂ ਇਸ ਦਾ ਕਾਰਨ ਜਾਣਨਾ ਮੁਨਾਸਬ ਨਹੀਂ ਸਮਝਿਆ। ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਜੇਕਰ ਉਸ ਦੀ ਮੌਤ ਮਾਨਸਿਕ ਪਰੇਸ਼ਾਨੀ ਦੌਰਾਨ ਹੋਈ ਤਾਂ ਕਿਸੇ ਪਰਿਵਾਰਿਕ ਮੈਂਬਰ ਜਾਂ ਨਾਲ ਦੇ ਸਟਾਫ਼ ਵੱਲੋਂ ਉਸਨੂੰ 10 ਘੰਟੇ ਅਣਗੋਲਿਆ ਕਿਉਂ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ, ਪੁਲਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
