ਪੰਜਾਬ ਦੇ 21 ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ''ਚ ਸ਼ਾਮਲ

Wednesday, Jan 22, 2020 - 05:22 PM (IST)

ਨਵੀਂ ਦਿੱਲੀ/ਜਲੰਧਰ— ਪੰਜਾਬ ਦੀ ਆਬੂ ਹਵਾ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਪੰਜਾਬ ਦੀ ਹਵਾ ਸਾਫ ਹੋਣ ਦੀ 'ਆਸ' ਕਿੰਨੀ ਕੁ ਹੈ, ਇਸ ਬਾਰੇ ਗ੍ਰੀਨ ਇੰਡੀਆ ਵੱਲੋਂ ਜਾਰੀ ਇਕ ਰਿਪੋਰਟ ਨੇ ਫਿਲਹਾਲ ਪੰਜਾਬੀਆਂ ਦੀ ਉਮੀਦ ਵਧਾ ਦਿੱਤੀ ਹੈ। 'ਗ੍ਰੀਨ ਪੀਸ ਇੰਡੀਆ' ਵੱਲੋਂ ਹਵਾ ਦੇ ਪ੍ਰਦੂਸ਼ਣ ਲਈ ਮੰਗਲਵਾਰ ਨੂੰ ਦੇਸ਼ ਭਰ ਦੇ 287 ਸ਼ਹਿਰਾਂ ਤੋਂ ਪੀ. ਐੱਮ. 10 ਦੇ ਪੱਧਰ ਦੇ ਆਧਾਰ 'ਤੇ ਇਕ ਰਿਪੋਰਟ ਪੇਸ਼ ਕੀਤੀ ਹੈ, ਜਿਸ 'ਚ ਪੰਜਾਬ ਦੇ 21 ਸ਼ਹਿਰਾਂ ਦੇ ਨਾਂਅ ਵੀ ਸ਼ਾਮਲ ਹਨ। 287 ਸ਼ਹਿਰਾਂ ਦੀ ਸੂਚੀ 'ਚ ਇਨ੍ਹਾਂ 21 ਸ਼ਹਿਰਾਂ ਦਾ ਸਥਾਨ 28ਵੇਂ ਸਥਾਨ ਤੋਂ ਲੈ ਕੇ 174ਵੇਂ ਸਥਾਨ 'ਤੇ ਰਿਹਾ ਹੈ ਪਰ ਇਸ ਰਿਪੋਰਟ 'ਚ ਜਿਹੜਾ ਨੁਕਤਾ ਉਮੀਦ ਪ੍ਰਗਟਾਉਂਦਾ ਹੈ, ਉਹ ਹੈ ਜ਼ਿਆਦਾਤਰ ਥਾਵਾਂ 'ਤੇ ਹਵਾ ਦਾ ਮਿਆਰ ਪਿਛਲੇ ਸਾਲ ਦੀ ਤੁਲਨਾ 'ਚ ਬਿਹਤਰ ਹੋਇਆ ਹੈ, ਫਿਰ ਭਾਵੇਂ ਉਹ ਅੰਮ੍ਰਿਤਸਰ ਹੋਵੇ, ਜਲੰਧਰ ਜਾਂ ਫਿਰ ਲੁਧਿਆਣਾ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਮਿਆਰ ਸੁਧਰਨ ਦਾ ਅਪਵਾਦ ਵੀ 3 ਸ਼ਹਿਰ ਰਹੇ ਹਨ, ਜਿਨ੍ਹਾਂ 'ਚ ਪਟਿਆਲਾ, ਸੰਗਰੂਰ ਅਤੇ ਡੇਰਾਬੱਸੀ ਦਾ ਨਾਂਅ ਸ਼ਾਮਲ ਹਨ। ਇਨ੍ਹਾਂ ਤਿੰਨਾਂ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਮਾਮੂਲੀ ਸੁਧਾਰ ਹੋਇਆ ਹੈ |

ਹਵਾ ਦੀ ਗੁਣਵੱਤਾ ਦੇ ਸੁਧਾਰ 'ਚ ਜਲੰਧਰ ਰਿਹਾ ਮੋਹਰੀ
ਪਿਛਲੇ ਸਾਲ ਦੇ ਮੁਕਾਬਲੇ ਹਵਾ ਦੇ ਪੱਧਰ 'ਚ ਸਭ ਤੋਂ ਵੱਧ ਸੁਧਾਰ ਜਲੰਧਰ 'ਚ ਰਿਹਾ ਹੈ। ਜਲੰਧਰ ਜਿਸ ਦੀ ਹਵਾ 2017 ਦੇ ਪੀ. ਐੱਮ. 10 ਡਾਟਾ ਦੇ ਆਧਾਰ 'ਤੇ 223 ਸੀ, 2018 ਦੇ ਅੰਕੜਿਆਂ 'ਚ ਉਸ ਦੀ ਗੁਣਵੱਤਾ ਹੁਣ 153 ਹੋ ਗਈ ਹੈ। ਦੱਸਣਯੋਗ ਹੈ ਕਿ ਪੀ. ਐੱਮ. 10 ਦੇ ਪੱਧਰ ਦੇ ਆਧਾਰ 'ਤੇ ਅੰਕੜਾ ਜਿੰਨਾ ਵੱਧ ਹੋਵੇਗਾ, ਹਵਾ 'ਚ ਪ੍ਰਦੂਸ਼ਣ ਦੀ ਮਾਤਰਾ ਓਨੀ ਹੀ ਜ਼ਿਆਦਾ ਹੋਵੇਗੀ। ਰਿਪੋਰਟ ਮੁਤਾਬਕ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਝਾਰਖੰਡ ਦਾ ਝਰੀਆ ਹੈ, ਜਿਸ ਦਾ ਪੀ. ਐੱਮ. 10 ਡਾਟਾ ਦੇ ਆਧਾਰ 'ਤੇ 322 ਹੈ, ਜਦਕਿ ਝਾਰਖੰਡ ਦਾ ਹੀ ਧਨਬਾਦ 264 ਦੇ ਅੰਕੜੇ ਨਾਲ ਦੂਜੇ ਨੰਬਰ ਦਾ ਪ੍ਰਦੂਸ਼ਿਤ ਸ਼ਹਿਰ ਹੈ।

ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ, ਜੋ ਕਿ ਸੂਚੀ 'ਚ 28ਵੇਂ ਨੰਬਰ 'ਤੇ ਹੈ। ਹਾਲਾਂਕਿ ਪੀ. ਐੱਮ. 10 ਦੇ ਅੰਕੜੇ 192 ਤੋਂ 2018 'ਚ ਘਟ ਹੋ ਕੇ ਇਹ 177 'ਤੇ ਪਹੁੰਚਿਆ ਹੈ। ਸੂਚੀ 'ਚ ਲੁਧਿਆਣਾ 38ਵੇਂ, ਜਲੰਧਰ 41ਵੇਂ, ਖੰਨਾ 62ਵੇਂ ਅਤੇ ਅਜਨਾਲਾ 65ਵੇਂ ਸਥਾਨ 'ਤੇ ਹੈ, ਜਦਕਿ ਸਮਰਾਲਾ 67ਵੇਂ, ਜਗਰਾਉਂ 169ਵੇਂ, ਗੜ੍ਹਸ਼ੰਕਰ 78ਵੇਂ, ਗੋਬਿੰਦਗੜ੍ਹ 80ਵੇਂ ਅਤੇ ਜਲਾਲਾਬਾਦ 89ਵੇਂ ਸਥਾਨ 'ਤੇ ਹੈ। ਸੂਚੀ ਦੇ ਪ੍ਰਦੂਸ਼ਿਤ ਸ਼ਹਿਰਾਂ 'ਚ ਮੁਕਤਸਰ 92ਵੇਂ, ਮਲੇਰਕੋਟਲਾ 95ਵੇਂ, ਬਟਾਲਾ 96ਵੇਂ, ਬਠਿੰਡਾ 100ਵੇਂ, ਤਪਾ 103ਵੇਂ ਸਥਾਨ 'ਤੇ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦਾ ਨਾਂਅ ਉਂਝ ਤਾਂ ਪਹਿਲੇ 100 ਪ੍ਰਦੂਸ਼ਿਤ ਸ਼ਹਿਰਾਂ 'ਚ ਨਹੀਂ ਆਉਂਦਾ ਪਰ 2017 ਦੇ ਪੀ. ਐੱਮ. 10 ਡਾਟਾ ਦੇ ਅੰਕੜਿਆਂ 'ਚ ਜਿੱਥੇ ਹਵਾ 'ਚ ਪੀ. ਐੱਮ. 10 ਮਾਤਰਾ 102 ਸੀ, ਉਹ 2018 ਦੇ ਅੰਕੜਿਆਂ 'ਚ ਵਧ ਕੇ 106 ਹੋ ਗਈ ਹੈ। ਇੰਝ ਹੀ ਸੰਗਰੂਰ ਅਤੇ ਡੇਰਾਬੱਸੀ ਦੀ ਹਵਾ 'ਚ ਪੀ. ਐੱਮ. 10 ਦੀ ਮਾਤਰਾ 2017 ਦੇ 95 ਅਤੇ 93 ਤੋਂ ਵਧ ਕੇ 2018 'ਚ 104 ਅਤੇ 95 ਹੋ ਗਈ ਹੈ।

ਇਨ੍ਹਾਂ ਤਿੰਨ ਥਾਵਾਂ 'ਤੇ ਹਵਾ ਦੇ ਮਿਆਰ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਨਵਾਂ ਨੰਗਲ ਦੀ ਹਵਾ ਦੀ ਗੁਣਵੱਤਾ 2017 ਦੇ ਮੁਕਾਬਲੇ 2018 'ਚ ਜਿਉਂ ਦੀ ਤਿਉਂ ਰਹੀ ਹੈ, ਜਦਕਿ ਡੇਰਾ ਬਾਬਾ ਨਾਨਕ ਦੀ ਹਵਾ 'ਚ ਵੀ ਸੁਧਾਰ ਦਰਜ ਕੀਤਾ ਗਿਆ ਹੈ, ਜਦਕਿ ਕੁਝ ਸ਼ਹਿਰਾਂ ਨੂੰ ਸੂਚੀ 'ਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਸੂਚੀ ਮੁਤਾਬਕ ਮਿਜ਼ੋਰਮ ਦਾ ਨੁੰਗਲੇਈ ਇਕਲੌਤਾ ਸ਼ਹਿਰ ਹੈ, ਜੋ ਪੀ. ਐੱਮ. 10 ਦੇ ਸਵੀਕਾਰ ਕਰਨ ਯੋਗ ਪੱਧਰ 'ਤੇ ਪੂਰਾ ਉਤਰਦਾ ਹੈ ਅਤੇ ਦੇਸ਼ ਦਾ ਸਭ ਤੋਂ ਘੱਟ ਪ੍ਰਦੂਸ਼ਿਤ ਸ਼ਹਿਰ ਹੈ।

ਜ਼ਿਕਰਯੋਗ ਹੈ ਕਿ ਹਵਾ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਲਈ ਚੌਗਿਰਦੇ ਬਾਰੇ ਮੰਤਰਾਲੇ ਨੇ ਪਿਛਲੇ ਸਾਲ ਰਾਸ਼ਟਰੀ ਪੱਧਰ ਦੀ ਰਣਨੀਤੀ ਐੱਨ. ਸੀ. ਏ. ਪੀ. ਤਿਆਰ ਕੀਤੀ ਸੀ ਪਰ ਇਸ ਸਮੇਂ ਸਿਰਫ 102 ਸ਼ਹਿਰ ਹੀ ਇਸ ਰਣਨੀਤੀ ਦਾ ਹਿੱਸਾ ਹਨ। ਇਸ ਰਣਨੀਤੀ 'ਚ ਸ਼ਹਿਰ 'ਚ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ 5 ਸਾਲਾ ਯੋਜਨਾ ਤਿਆਰ ਕੀਤੀ ਜਾਂਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਿਛਲੇ ਸਾਲ 20 ਹੋਰ ਸ਼ਹਿਰਾਂ ਨੂੰ ਇਸ ਐੱਨ. ਸੀ. ਏ. ਪੀ. ਦਾ ਹਿੱਸਾ ਬਣਾਉਣ ਦੀ ਸਿਫਾਰਸ਼ ਕੀਤੀ ਸੀ ਪਰ ਅਜੇ ਤੱਕ ਮੰਤਰਾਲੇ ਵੱਲੋਂ ਉਸ ਸਿਫਾਰਸ਼ 'ਤੇ ਕੋਈ ਅਮਲ ਨਹੀਂ ਕੀਤਾ ਗਿਆ। ਗ੍ਰੀਨ ਪੀਸ ਵੱਲੋਂ ਤਿਆਰ ਕੀਤੀ ਰਿਪੋਰਟ 'ਚ ਹਵਾ ਦੀ ਗੁਣਵੱਤਾ ਦਰਜ ਕਰਨ ਵਾਲੇ ਸਟੇਸ਼ਨਾਂ 'ਤੇ 2018 ਦੇ ਘੱਟੋ-ਘੱਟ 52 ਦਿਨਾਂ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਪੰਜਾਬ ਦੇ 21 ਸ਼ਹਿਰਾਂ ਦੀ ਹਵਾ 'ਚ ਪੀ. ਐਮ. 10 ਦਾ ਪੱਧਰ ਤਜਵੀਜ਼ ਕੀਤੇ ਮਾਪਦੰਡਾਂ ਤੋਂ ਕਿਤੇ ਵੱਧ ਹੈ ਪਰ 2017 ਦੇ ਮੁਕਾਬਲੇ 2018 'ਚ ਹੋਇਆ ਸੁਧਾਰ ਭਵਿੱਖ ਦੀ ਬਿਹਤਰੀ ਦਾ ਸੰਕੇਤ ਦਿੰਦਾ ਹੈ। ਵਿਸ਼ਵ ਸਿਹਤ ਸੰਸਥਾ ਨੇ ਹਵਾ 'ਚ ਪੀ. ਐੱਮ. 10 ਦਾ ਪੱਧਰ 20 ਜੂਜੀ/ਐੱਮ 3 ਤਜਵੀਜ਼ ਕੀਤਾ ਹੈ, ਸਿਰਫ ਮਿਜ਼ੋਰਮ ਦਾ ਇਕ ਸ਼ਹਿਰ ਹੀ ਇਸ ਮਾਨਕ 'ਤੇ ਖਰਾ ਉਤਰਦਾ ਹੈ।


shivani attri

Content Editor

Related News