ਮਾਛੀਵਾੜਾ ਮੰਡੀ ''ਚ ਫਸਲੀ ਟੋਕਨ ਨਾ ਮਿਲਣ ਕਾਰਨ ਆੜ੍ਹਤੀਆਂ ਨੇ ਲਗਾਇਆ ਧਰਨਾ

Saturday, Apr 18, 2020 - 05:09 PM (IST)

ਮਾਛੀਵਾੜਾ ਮੰਡੀ ''ਚ ਫਸਲੀ ਟੋਕਨ ਨਾ ਮਿਲਣ ਕਾਰਨ ਆੜ੍ਹਤੀਆਂ ਨੇ ਲਗਾਇਆ ਧਰਨਾ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ 'ਚ ਲੰਘੀ 17 ਅਪ੍ਰੈਲ ਨੂੰ ਮਾਰਕਿਟ ਕਮੇਟੀ ਵਲੋਂ ਆੜ੍ਹਤੀਆਂ ਨੂੰ ਟੋਕਨ ਜਾਰੀ ਕੀਤੇ ਸਨ ਤਾਂ ਜੋ ਕਿਸਾਨ ਫਸਲ ਮੰਡੀਆਂ 'ਚ ਵੇਚਣ ਲਈ ਲਿਆ ਸਕਣ ਅਤੇ ਪਹਿਲੇ ਦਿਨ ਹੀ ਵਿਵਾਦ ਖੜ੍ਹਾ ਹੋ ਗਿਆ ਸੀ ਜਿਸ ਨੂੰ ਨਿਪਟਾਉਣ ਲਈ ਖੁਦ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਮੰਡੀ ਆਏ ਸਨ। ਬੇਸ਼ੱਕ ਉਸ ਸਮੇਂ ਇਹ ਵਿਵਾਦ ਨਿਪਟਾ ਦਿੱਤਾ ਗਿਆ ਸੀ ਕਿ ਹਰੇਕ ਆੜ੍ਹਤੀ ਨੂੰ ਉਸਦੀ ਫਸਲ ਸਮਰੱਥਾ ਅਨੁਸਾਰ ਟੋਕਨ ਮਿਲੇਗਾ ਪਰ ਅੱਜ ਟੋਕਨ ਨਾ ਮਿਲਣ ਕਾਰਨ ਆੜ੍ਹਤੀਆਂ ਨੇ ਫਿਰ ਮਾਰਕਿਟ ਕਮੇਟੀ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ।

ਮਾਛੀਵਾੜਾ ਮਾਰਕਿਟ ਕਮੇਟੀ ਦਫ਼ਤਰ ਅੱਗੇ ਧਰਨਾ ਲਗਾ ਕੇ ਬੈਠੇ ਆੜ੍ਹਤੀ ਐਸੋ. ਦੇ ਆਗੂ ਸੁਖਵਿੰਦਰ ਸਿੰਘ ਗਿੱਲ, ਨਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਮੰਡੀ ਦੇ 60 'ਚੋਂ 30 ਆੜ੍ਹਤੀ ਅਜਿਹੇ ਹਨ ਜਿਨ੍ਹਾਂ ਨੂੰ ਅਜੇ ਤੱਕ ਇਕ ਵੀ ਟੋਕਨ ਨਹੀਂ ਮਿਲਿਆ ਜਿਸ ਤਹਿਤ ਉਨ੍ਹਾਂ ਨਾਲ ਜੁੜੇ ਕਿਸਾਨ ਫਸਲ ਲਿਆ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਅੱਜ ਟੋਕਨ ਜਾਰੀ ਹੋਣਗੇ ਪਰ ਮਾਰਕਿਟ ਕਮੇਟੀ ਦਫ਼ਤਰ ਤੋਂ ਅੱਜ ਵੀ ਸਿਵਾਏ ਲਾਰਿਆਂ ਤੋਂ ਕੁੱਝ ਨਹੀਂ ਮਿਲਿਆ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਧਰਨਾ ਮਾਰਨਾ ਪਿਆ। ਆੜ੍ਹਤੀਆਂ ਨੇ ਦੱਸਿਆ ਕਿ ਟੋਕਨ ਨਾ ਮਿਲਣ ਕਾਰਨ ਜਿੱਥੇ ਉਨ੍ਹਾਂ ਨਾਲ ਸਬੰਧਿਤ ਕਿਸਾਨ ਆਪਣੀ ਫਸਲ ਵੱਢ ਕੇ ਘਰਾਂ 'ਚ ਸੰਭਾਲੀ ਬੈਠੇ ਹਨ ਅਤੇ ਟੋਕਨ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।

ਦੂਸਰੇ ਪਾਸੇ ਆੜ੍ਹਤੀਆਂ ਦੇ ਫੜ੍ਹਾਂ 'ਚ ਮਜ਼ਦੂਰ ਵੀ ਵਿਹਲੇ ਬੈਠੇ ਹਨ ਅਤੇ ਜੇਕਰ ਟੋਕਨ ਨਾ ਮਿਲੇ ਤਾਂ ਬੜੀ ਮੁਸ਼ਕਿਲ ਨਾਲ ਇਕੱਠੀ ਕੀਤੀ ਲੇਬਰ ਵੀ ਭੱਜ ਜਾਵੇਗੀ। ਟੋਕਨ ਨਾ ਮਿਲਣ ਵਾਲੇ ਆੜ੍ਹਤੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ 'ਚ ਹਰੇਕ ਆੜ੍ਹਤੀ ਨੂੰ ਉਸਦੀ ਸਮਰੱਥਾ ਅਨੁਸਾਰ ਰੋਜ਼ਾਨਾ ਟੋਕਨ ਜਾਰੀ ਕੀਤਾ ਜਾਵੇ ਨਹੀਂ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ ਲਗਾਉਣ ਨੂੰ ਮਜਬੂਰ ਹੋਣਗੇ। ਇਸ ਮੌਕੇ ਮੇਹਰ ਸਿੰਘ ਗੋਗੀਆ, ਸੁਰਿੰਦਰ ਅਗਰਵਾਲ, ਮਨੋਜ ਬਾਂਸਲ, ਵਿਨੀਤ ਅਗਰਵਾਲ, ਅਨਿਲ ਸੂਦ, ਸੁਭਾਸ਼ ਘਈ, ਹਰਵਿੰਦਰ ਸਿੰਘ, ਕ੍ਰਿਸ਼ਨ ਆਨੰਦ ਆਦਿ ਵੀ ਮੌਜ਼ੂਦ ਸਨ। ਦੂਸਰੇ ਪਾਸੇ ਮਾਰਕਿਟ ਕਮੇਟੀ ਦੇ ਸਕੱਤਰ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਆੜ੍ਹਤੀਆਂ ਨੂੰ ਟੋਕਨ ਜਾਰੀ ਨਹੀਂ ਹੋਏ ਉਨ੍ਹਾਂ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ।


author

Gurminder Singh

Content Editor

Related News