ਦਾਦੇ ਤੋਂ ਪੋਤੇ ਨੂੰ ਲੱਗੀ ਕਿਸਾਨੀ ਘੋਲ ਦੀ ਲੋਅ,ਮੁਜ਼ਾਹਰੇ ਚ ਨਿੱਤਰੀਆਂ ਤਿੰਨ ਪੀੜ੍ਹੀਆਂ,ਵੇਖੋ ਤਸਵੀਰਾਂ
Thursday, Dec 03, 2020 - 05:39 PM (IST)
ਜਲੰਧਰ (ਹਰਨੇਕ ਸਿੰਘ ਸੀਚੇਵਾਲ): ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡੇਰੇ ਲਾਈ ਬੈਠੇ ਨੇ।ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਖੇਤੀ ਬਿੱਲਾਂ 'ਤੇ ਕੋਈ ਠੋਸ ਫ਼ੈਸਲਾ ਨਹੀਂ ਹੋ ਜਾਂਦਾ ਅਸੀਂ ਵਾਪਸ ਨਹੀਂ ਮੁੜਾਂਗੇ।ਤਕਰੀਬਨ ਤਿੰਨ ਮਹੀਨਿਆਂ ਤੋਂ ਪੂਰੇ ਪੰਜਾਬ ਅੰਦਰ ਧਰਨਿਆਂ ਦਾ ਦੌਰ ਜੋਬਨ 'ਤੇ ਸੀ ਪਰ ਮਜਾਲ ਏ ਕੇਂਦਰ ਦੇ ਕੰਨ 'ਤੇ ਜੂੰ ਸਰਕੀ ਹੋਵੇ।ਰੇਲਾਂ ਰੋਕੀਆਂ,ਪੰਜਾਬ ਬੰਦ ਕੀਤਾ,ਭਾਰਤ ਬੰਦ ਦਾ ਐਲਾਨ।ਸਰਕਾਰਾਂ ਤੱਕ ਰੋਸ ਪਹੁੰਚਾਉਣ ਲਈ ਕਿਸਾਨਾਂ ਨੇ ਕਈ ਹੀਲੇ ਵਰਤੇ ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ।ਖੇਤੀਬਾੜੀ ਬਿੱਲ ਪਾਸ,ਕਿਸਾਨ ਹੈਰਾਨ।ਜਿਨ੍ਹਾਂ ਲਈ ਬਿੱਲ ਬਣਾਏ ਉਨ੍ਹਾਂ ਨੂੰ ਪੁੱਛਿਆ ਤੱਕ ਵੀ ਨਹੀਂ। ਐਨੀ ਛੇਤੀਂ ਤਾਂ ਕੋਈ ਘੜੇ ਤੋਂ ਢੱਕਣ ਨੀ ਚੱਕਦਾ ਜਿੰਨੀ ਜਲਦੀ ਮੋਦੀ ਸਰਕਾਰ ਨੇ ਕੋਰੋਨਾ ਦੀ ਛਾਂ ਹੇਠ ਖੇਤੀਬਾੜੀ ਬਿੱਲ ਪਾਸ ਕਰ ਦਿੱਤੇ।ਕੋਰੋਨਾ ਨੇ ਮੂੰਹਾਂ ਤੇ ਮਾਸਕ ਪਾਉਣ ਲਈ ਮਜ਼ਬੂਰ ਕੀ ਕੀਤਾ ਸਰਕਾਰਾਂ ਨੂੰ ਲੱਗਾ ਕਿ ਸਭ ਨੇ ਬੁੱਲ੍ਹਾਂ ਨੂੰ ਤਾਲੇ ਮਾਰ ਲਏ ਨੇ। ਜਿੱਥੇ ਪੂਰੀ ਦੁਨੀਆ ਘਰਾਂ ਚ ਡੱਕ ਦਿੱਤੀ ਸੀ ਉਥੇ ਪੰਜਾਬੀ ਕੀਹਦੇ ਪਾਣੀਹਾਰ ਸੀ।ਵਗਦੀ ਗੰਗਾ 'ਚ ਸਾਰੇ ਈ ਹੱਥ ਧੋਣ ਨੂੰ ਕਾਹਲੇ ਹੁੰਦੇ ਨੇ।ਫਿਰ ਸਰਕਾਰਾਂ ਕਿਉਂ ਪਿੱਛੇ ਰਹਿਣ।ਪਾਸ ਹੈ ਪਾਸ ਹੈ ਪਾਸ ਹੈ।ਸੰਸਦ ਨੇ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ।
ਪੰਜਾਬੀਆਂ ਕੋਲ 'ਮਾਣ' ਬੜੇ ਨੇ।ਇੱਕ ਮਾਨ ਗਾਉਂਦਾ,ਕਿਹੜਾ ਬੰਨ੍ਹ ਮਾਰੂ ਯਾਰੋ ਵਗਦੇ ਦਰਿਆਵਾਂ ਨੂੰ।ਇੱਕ ਸ਼ਾਇਰ ਲਿਖਦੈ,ਆਖਰੀ ਦਾਓ ਸੀ ਮੇਰੀ ਮੈਂ ਦੀ ਵਾਰੀ ਆ ਗਈ ਹੋਰ ਕੁਝ ਬਚਿਆ ਨਾ ਸੀ ਮੇਰੇ ਕੋਲ ਹਾਰਨ ਲਈ।ਕਿਸਾਨਾਂ ਨੇ ਕਿਹਾ ਕੋਰੋਨਾ ਖ਼ਤਰਾ ਤਾਂ ਹੈ ਪਰ ਤਾਂ ਜੇ ਜਿਊਂਦੇ ਰਹੇ।ਕਿਸਾਨਾਂ ਨੇ ਸੜਕਾਂ ਮੱਲ ਲਈਆਂ।ਅਖ਼ੀਰ ਦਿੱਲੀ ਵੱਲ ਚਾਲੇ ਪਾਏ।
ਇਹ ਵੀ ਪੜ੍ਹੋ: ਹੱਕਾਂ ਲਈ ਡਟੇ ਹਾਂ, ਹੁਣ ਤਾਂ ਰੋਕਿਆਂ ਨਹੀਂ ਰੁਕਦੇ, ਵੇਖੋ ਕਿਸਾਨਾਂ ਦਾ ਸੰਘਰਸ਼ ਤਸਵੀਰਾਂ ਦੀ ਜ਼ੁਬਾਨੀ
ਸਦੀਆਂ ਤੋਂ ਦਿੱਲੀ ਨਾਲ ਭਾਵਨਾਤਮਕ ਰਿਸ਼ਤੇ।ਦੁੱਖਾਂ ਦੇ,ਜ਼ਖ਼ਮਾਂ ਦੇ,ਦਰਦਾਂ ਦੇ।ਜੋ ਬਾਬਿਆਂ ਆਪਣੇ ਪਿੰਡਿਆਂ 'ਤੇ ਹੰਢਾਏ।ਲੋੜ ਪਈ ਤਾਂ ਬਾਬੇ ਫਿਰ ਮੋਹਰੇ। ਕਹਿੰਦੇ ਪੁੱਤਰੋ ਤੁਸੀਂ ਸੰਭਾਲੋ ਘਰ ਤੇ ਖੇਤ ਅਸੀਂ ਸਿੱਝਦੇ ਆ ਦਿੱਲੀ ਦੇ ਹਾਕਮਾਂ ਨਾਲ।
ਇਹ ਵੀ ਪੜ੍ਹੋ: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)
ਬਾਬਿਆਂ ਯੋਗਰਾਜ ਤੇ ਗੱਗੂ ਗਿੱਲ ਦੀਆਂ ਫ਼ਿਲਮਾਂ ਵੇਖੀਆਂ।ਇਨ੍ਹਾਂ ਫ਼ਿਲਮਾਂ 'ਚ ਕੁਝ ਡਾਇਲਾਗਾਂ ਬਿਨਾਂ ਫ਼ਿਲਮ ਅਧੂਰੀ ਜਾਪਦੀ, ਜਿੰਨਾ ਚਿਰ ਹੀਰੋ ਇਹ ਨਾ ਕਹਿੰਦਾ-ਤੂੰ ਜਾਣਦਾ ਨੀ ਓਏ ਜੱਟ ਤੇ ਜ਼ਮੀਨ ਦਾ ਰਿਸ਼ਤਾ ਮਾਂ ਤੇ ਪੁੱਤ ਦਾ ਰਿਸ਼ਤਾ ਹੁੰਦੈ।ਕਹਿੰਦੇ ਵਾਢੀ ਵੇਲੇ ਪਹਿਲਾ ਬੂਟਾ ਵੱਢ ਕੇ ਧਰਤੀ ਤੇ ਰੱਖਿਆ ਜਾਂਦੈ।ਵਰ੍ਹੇ ਦਿਨਾਂ ਦੇ ਦਿਨ ਮੋਟਰ ਤੇ ਖਵਾਜ਼ੇ ਦੇ ਨਾਂ ਦਾ ਦੀਵਾ ਜ਼ਰੂਰ ਜਗਦਾ। ਇਹ ਰਿਸ਼ਤੇ ਬਾਬਿਆਂ ਲਈ ਜਿਊਂਦੇ ਜੀਅ ਟੁੱਟਣ ਵਾਲੇ ਥੋੜ੍ਹੋ।
ਦਾਦਿਆਂ ਮਗਰ ਪੁੱਤ ਵੀ ਉੱਠ ਖੜੇ ਹੋਏ।ਕਹਿੰਦੇ ਖੇਤ ਤਾਂ ਈ ਸੰਭਾਲਾਂਗੇ ਜੇ ਅਡਾਨੀ-ਅੰਬਾਨੀ ਛੱਡਣਗੇ।ਮਗਰੇ ਪੋਤਿਆਂ ਕਮਾਨ ਸੰਭਾਲ ਲਈ।ਇਤਿਹਾਸ ਯਾਦ ਕੀਤਾ।ਬਾਬੇ ਨਾਨਕ ਨੇ ਖ਼ੁਦ ਖੇਤੀ ਕੀਤੀ।ਦਿਲਜੀਤ ਦੋਸਾਂਝ ਗਾਉਂਦਾ-ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨੀ ਜਾ ਸਕਦੀ।ਇਹ ਵਿਸ਼ਵਾਸ ਹੈ।ਸ਼ਰਧਾ ਹੈ।ਹੌਂਸਲਾ ਹੈ।ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਿਸਾਲਾਂ ਨੇ ਪੰਜਾਬੀਆਂ ਨੂੰ ਜੰਗਜੂ ਬਣਾਇਆ ਹੈ।ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਮਾਲਕੀ ਬਖ਼ਸ਼ੀ ਸੀ ਜੋ ਕਾਰਪੋਰੇਟ ਖੋਹਣ ਨੂੰ ਫਿਰਦੇ ਨੇ।
ਹਰਿਆਣਾ ਨੇ ਅਟਕਲਾਂ ਪਾਈਆਂ ਕਿਸੇ ਕੰਮ ਨਾ ਆਈਆਂ।ਸੰਘਰਸ਼ੀ ਯੋਧੇ ਦਿੱਲੀ ਦੇ ਦਰਵਾਜ਼ੇ ਜਾ ਅੱਪੜੇ। ਕੋਈ ਕਹਿੰਦਾ ਇਹ ਖ਼ਾਲਿਸਤਾਨੀ ਹਨ।ਕੋਈ ਕਹਿੰਦਾ ISIS ਦੀ ਸ਼ਹਿ ਹੈ।ਜਾਣਨ ਵਾਲੇ ਜਾਣਦੇ ਨੇ ਇਹ ਤਾਂ ਰਿਸ਼ਤਾ ਹੈ ਪੁੱਤ ਤੇ ਜ਼ਮੀਨ ਦਾ। ਅਣਖ ਤੇ ਜ਼ਮੀਰ ਦਾ। ਇਹ ਸਦੀਆਂ ਦੀ ਤੋਰ ਹੈ।ਇਹ ਸੰਘਰਸ਼ ਦੀ ਰਵਾਨਗੀ ਹੈ ਜੋ ਪੀੜ੍ਹੀਓ ਪੀੜ੍ਹੀ ਤੁਰੀਂ ਆਉਂਦੀ ਹੈ।ਇਸੇ ਨੂੰ ਪ੍ਰੋ.ਪੂਰਨ ਸਿੰਘ ਕਹਿੰਦਾ ਪੰਜਾਬ ਵੱਸਦਾ ਗੁਰੂ ਦੇ ਨਾਮ 'ਤੇ।ਸ਼ਾਲਾ ਖ਼ੈਰ ਹੋਵੇ।ਮਾਨਵਤਾ ਦੇ ਰਹਿਬਰਾਂ ਨੂੰ ਪੂਰੀ ਕਾਇਨਾਤ ਪਿਆਰੀ ਹੈ। ਜੋ ਘਰਾਂ ਵੱਲ ਪਿੱਠ ਕਰਕੇ ਖੜੇ ਨੇ ਜਲਦ ਮੁੜ ਆਉਣ।
ਨੋਟ:ਕਿਸਾਨ ਸੰਘਰਸ਼ 'ਚ ਬਾਬਿਆਂ ਤੋਂ ਪੋਤਿਆਂ ਵੱਲ ਮੁੜੀ ਸੰਘਰਸ਼ ਦੀ ਲੋਅ ਸਬੰਧੀ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਜ਼ਰੂਰ ਦੱਸੋ