ਗੋਇਲ ਨਰਸਿੰਗ ਹੋਮ ਅਤੇ ਐੈੱਸ. ਐੈੱਲ. ਸਕੈਨ ਸੈਂਟਰ ''ਤੇ ਇਨਕਮ ਟੈਕਸ ਵਿਭਾਗ ਦਾ ਛਾਪਾ

04/24/2018 5:09:48 AM

ਸਮਾਣਾ, (ਅਨੇਜਾ, ਦਰਦ)- ਸ਼ਹਿਰ ਵਿਚ ਉਸ ਵਕਤ ਮਾਹੌਲ ਹਫੜਾ-ਤਫੜੀ ਵਾਲਾ ਬਣ ਗਿਆ ਜਦੋਂ 2 ਥਾਈਂ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਥਾਵਾਂ ਇਕੋ ਹੀ ਮਾਲਕ ਦੀਆਂ ਹਨ ਤੇ ਵੱਖ-ਵੱਖ ਟੀਮਾਂ ਬਣਾ ਕੇ ਇਹ ਕਾਰਵਾਈ ਕੀਤੀ ਗਈ।
ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਸਵੇਰੇ ਕਰੀਬ 11 ਵਜੇ ਦੋ ਵੱਖ-ਵੱਖ ਟੀਮਾਂ ਬਣਾ ਕੇ ਪੁੱਜੀ। ਇਕ ਟੀਮ ਨੇ ਤਹਿਸੀਲ ਰੋਡ 'ਤੇ ਸਥਿਤ ਗੋਇਲ ਨਰਸਿੰਗ ਹੋਮ ਅਤੇ ਦੂਜੀ ਨੇ ਐੈੱਸ. ਐੈੱਲ. ਸਕੈਨ ਸੈਂਟਰ 'ਤੇ ਛਾਪਾ ਮਾਰਿਆ। ਦੇਰ ਸ਼ਾਮ ਤੱਕ ਦੋਵੇਂ ਥਾਵਾਂ 'ਤੇ ਟੀਮ ਨੇ ਬਿਲਡਿੰਗ ਨੂੰ ਪੂਰੀ ਤਰ੍ਹਾਂ ਅੰਦਰੋਂ ਬੰਦ ਕਰ ਕੇ ਰੱਖਿਆ। ਦੇਰ ਸ਼ਾਮ ਜਦੋਂ ਵਿਭਾਗ ਦੇ ਆਈ. ਟੀ. ਓ. ਜਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਇਨਕੁਆਰੀ ਚੱਲ ਰਹੀ ਹੈ। ਇਸ ਨੂੰ ਕਿੰਨਾ ਸਮਾਂ ਹੋਰ ਲਗੇਗਾ, ਕੁੱਝ ਕਿਹਾ ਨਹੀਂ ਜਾ ਸਕਦਾ। ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਰੇਡ ਦਾ ਅਸਲ ਕਾਰਨ ਅਤੇ ਵਿਭਾਗ ਨੂੰ ਕੀ ਕੁੱਝ ਪ੍ਰਾਪਤ ਹੋਇਆ, ਇਹ ਤਾਂ ਕਾਰਵਾਈ ਦੀ ਸਮਾਪਤੀ ਮਗਰੋਂ ਹੀ ਪਤਾ ਲੱਗ ਸਕੇਗਾ। ਫਿਲਹਾਲ ਵਿਭਾਗ ਦੀ ਕਾਰਵਾਈ ਦੋਵੇਂ ਥਾਵਾਂ 'ਤੇ ਜਾਰੀ ਹੈ।


Related News