ਫਾਇਨਾਂਸ ਕੰਪਨੀਆਂ ਦੇ ਜਾਲ 'ਚ ਫਸੇ ਮਜ਼ਦੂਰਾਂ ਦੀ ਸਾਰ ਲਵੇ ਸਰਕਾਰ: ਧਰਮਪਾਲ

Monday, Jun 08, 2020 - 03:29 PM (IST)

ਫਾਇਨਾਂਸ ਕੰਪਨੀਆਂ ਦੇ ਜਾਲ 'ਚ ਫਸੇ ਮਜ਼ਦੂਰਾਂ ਦੀ ਸਾਰ ਲਵੇ ਸਰਕਾਰ: ਧਰਮਪਾਲ

ਭਵਾਨੀਗੜ੍ਹ(ਕਾਂਸਲ) — ਸਥਾਨਕ ਸ਼ਹਿਰ ਨੇੜਲੇ ਪਿੰਡ ਕਾਲਾਝਾੜ ਵਿਖੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਿਅਕਤੀਆਂ ਤੇ ਔਰਤਾਂ ਨੇ ਸਿਰ ਚੜ੍ਹੇ ਕਰਜ਼ੇ ਰੱਦ ਕਰਵਾਉਣ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਲੋਕਾਂ ਨੇ ਸਰਕਾਰ ਅਤੇ ਫਾਇਨਾਂਸ ਕੰਪਨੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ । 

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ(ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਨੇ ਕਿਹਾ ਕਿ ਤਾਲਾਬੰਦੀ ਕਾਰਨ ਮਜ਼ਦੂਰਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਤਾਲਾਬੰਦੀ ਕਾਰਨ ਮਜਦੂਰਾਂ ਨੂੰ ਘਰਾਂ 'ਚ ਹੀ ਰਹਿਣਾ ਪਿਆ ਅਤੇ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਨਹੀਂ ਕੀਤੀ ਗਈ। ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਗਰੀਬ ਵਰਗ ਨਾਲ ਸੰਬੰਧਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੰਦੀ ਪਰ ਸਰਕਾਰ ਨੇ ਗਰੀਬਾਂ ਦੀ ਬਾਂਹ ਫੜਣ ਦੀ ਥਾਂ ਸਾਡੇ ਦੇਸ਼ ਵਿਚੋਂ ਬੈਂਕਾਂ ਨੂੰ ਕਰੋੜਾਂ ਅਰਬਾਂ ਰੁਪਏ ਦਾ ਚੂਨਾ ਲਗਾਕੇ ਰਫੂ ਚੱਕਰ ਹੋਏ ਡਫਾਲਟਰ ਵਿਅਕਤੀਆਂ ਦੇ ਨਾਲ-ਨਾਲ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਅਤੇ ਵੱਡੇ-ਵੱਡੇ ਸਰਮਾਏਦਾਰਾਂ ਦੇ 68 ਹਜ਼ਾਰ ਕਰੋੜ ਰੁਪਏ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ। ਉਨ੍ਹਾਂ ਸਖ਼ਤ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਨਿਗੂਣੀ ਲਈ ਹੋਈ ਕਰਜ਼ੇ ਦੀ ਰਕਮ ਨੂੰ ਕਿਉਂ ਨਹੀਂ ਮੁਆਫ ਕੀਤਾ ਜਾ ਰਿਹਾ? 

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਾਲਾਬੰਦੀ ਦੀ ਹਾਲਤ ਵਿਚ ਵੀ ਗਰੀਬ ਮਜਦੂਰਾਂ ਨਾਲ ਵਿਤਕਰੇਬਾਜੀ ਕੀਤੀ ਜਾ ਰਹੀ ਹੈ ਮਜ਼ਦੂਰਾਂ ਕੋਲੋਂ ਜ਼ਬਰਦਸਤੀ ਕਿਸ਼ਤਾਂ ਭਰਾਈਆ ਜਾ ਰਹੀਆਂ ਹਨ, ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜੁਰਮਾਨੇ ਭਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜਦੂਰਾਂ ਨਾਲ ਵਿਤਕਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕਿਸ਼ਤਾਂ ਭਰਾਉਣੀਆ ਬੰਦ ਨਾ ਕੀਤੀਆਂ ਗਈਆਂ ਤਾਂ ਜਥੇਬੰਦੀ ਇਸ ਮਾਮਲੇ 'ਤੇ ਤਿੱਖਾ ਸੰਘਰਸ਼ ਵਿੱਢੇਗੀ। 


author

Harinder Kaur

Content Editor

Related News