ਸਹੂਲਤਾਂ ''ਚ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੈ ਇਹ ਸਰਕਾਰੀ ਸਕੂਲ, ਪਰਵਾਸੀ ਭੇਜਦੇ ਨੇ ਦਿਲ ਖੋਲ੍ਹ ਕੇ ਪੈਸਾ

Thursday, Jul 06, 2017 - 05:07 PM (IST)

ਮੋਗਾ— ਮੋਗਾ ਦੇ ਇਸ ਸਰਕਾਰੀ ਸਕੂਲ ਨੂੰ ਦੇਖ ਕੇ ਆਸ-ਪਾਸ ਦੇ ਇਲਾਕੇ ਦੇ ਲੋਕ ਆਪਣੇ ਬੱਚਿਆਂ ਨੂੰ ਕਿਸੇ ਵੱਡੇ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣ ਦਾ ਸੁਪਨਾ ਨਹੀਂ ਦੇਖਦੇ। ਕਿਉਂਕਿ ਇਹ ਸਕੂਲ ਆਪਣੇ ਇਲਾਕੇ ਦੇ ਸਾਰੇ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ। ਇਹ ਸਰਕਾਰੀ ਸਕੂਲ ਸਾਇੰਸ ਪਾਰਕ, ਆਰ. ਓ. ਸਿਸਟਮ, ਸਾਇੰਸ ਲੈਬ, ਗਣਿਤ ਲੈਬ, ਏਅਰ ਕੰਡੀਸ਼ਨਰ ਕੰਪਿਊਟਰ ਰੂਮ, ਲਾਇਬ੍ਰੇਰੀ ਅਕੇ ਸੱਭਿਆਚਾਰਕ ਲੈਬ ਨਾਲ ਲੈਸ ਹੈ। ਉਹ ਸਾਰੀਆਂ ਸਹੂਲਤਾਂ, ਜੋ ਕਿਸੇ ਵੱਡੇ ਪ੍ਰਾਈਵੇਟ ਸਕੂਲ ਵਿਚ ਵੱਡੀਆਂ ਰਕਮਾਂ ਖਰਚ ਕਰਕੇ ਮਿਲਦੀਆਂ ਹਨ, ਉਹ ਮੋਗਾ ਦੇ ਸਰਕਾਰੀ ਸਕੂਲ ਵਿਚ ਮਾਮੂਲੀ ਜਿਹੇ ਖਰਚੇ ਵਿਚ ਬੱਚਿਆਂ ਨੂੰ ਮਿਲ ਰਹੀਆਂ ਹਨ। 
ਇਹ ਹੈ ਮੋਗਾ ਜ਼ਿਲਾ ਹੈੱਡਕੁਆਟਰ ਤੋਂ 6 ਕਿਲੋਮੀਟਰ ਦੂਰੀ 'ਤੇ ਸਥਿਤ ਖੋਸਾ ਪਾਂਡੋ ਦਾ ਸਰਕਾਰੀ ਸਕੂਲ। 3 ਏਕੜ ਵਿਚ ਫੈਲੇ ਇਸ ਸਕੂਲ ਵਿਚ 15 ਕਮਰੇ, ਬਾਸਕਿਟਬਾਲ ਮੈਦਾਨ ਅਤੇ ਬੈਡਮਿੰਟਨ ਕੋਰਟ ਵੀ ਮੌਜੂਦ ਹੈ। ਤਕਰੀਬਨ 60 ਬੱਚਿਆਂ ਦੇ ਬੈਠ ਕੇ ਖਾਣਾ ਖਾਣ ਲਈ ਪੱਥਰ ਦਾ ਡਾਈਨਿੰਗ ਟੇਬਲ ਬਣਵਾਇਆ ਗਿਆ ਹੈ, ਜਿੱਥੇ ਬੱਚਿਆਂ ਨੂੰ ਮਿਡ-ਡੇਅ ਮੀਲ ਪਰੋਸਿਆ ਜਾਂਦਾ ਹੈ।  ਸਕੂਲ ਵਿਚ ਇਕ ਇਕ ਸਕਿਲ ਡੈਵਲਪਮੈਂਟ ਸੈਂਟਰ ਵੀ ਹੈ, ਜਿੱਥੇ ਕੰਪਿਊਟਰ ਦੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਕਢਾਈ ਦਾ ਕੰਮ ਵੀ ਸਿਖਾਇਆ ਜਾਂਦਾ ਹੈ। 

ਪ੍ਰਿੰਸੀਪਲ ਅਤੇ ਪਰਵਾਸੀਆਂ ਨੇ ਬਦਲੀ ਸਕੂਲ ਦੀ ਨੁਹਾਰ— 
ਮੋਗਾ ਦਾ ਇਹ ਸਰਕਾਰੀ ਸਕੂਲ ਪਹਿਲਾਂ ਅਜਿਹਾ ਨਹੀਂ ਸੀ। ਇਸ ਦੀ ਕਿਸਮਤ ਬਦਲੀ ਹੈ, ਸਕੂਲ ਦੇ ਪ੍ਰਿੰਸੀਪਲ ਗੁਰਦਰਸ਼ਨ ਸਿੰਘ ਬਰਾੜ ਨੇ। ਬਰਾੜ 2009 ਵਿਚ ਇਸ ਸਕੂਲ ਦੇ ਪ੍ਰਿੰਸੀਪਲ ਬਣ ਕੇ ਆਏ। ਸਕੂਲ ਵਿਚ ਗੰਦਗੀ ਦੇ ਢੇਰ ਦੇਖ ਕੇ ਪ੍ਰਿੰਸੀਪਲ ਬਰਾੜ ਨੇ ਇਸ ਨੂੰ ਅਪਗ੍ਰੇਡ ਕਰਨ ਦਾ ਸੁਪਨਾ ਦੇਖਿਆ ਅਤੇ ਆਪਣੇ ਸਾਢੇ ਸੱਤ ਸਾਲਾਂ ਦੇ ਇਸ ਸਫਰ ਵਿਚ ਉਨ੍ਹਾਂ ਨੇ ਇਹ ਸੁਪਨਾ ਪੂਰਾ ਵੀ ਕਰ ਦਿਖਾਇਆ। ਉਨ੍ਹਾਂ ਦੇ ਇਸ ਕੰਮ ਵਿਚ ਸਾਥ ਦਿੱਤਾ ਹੈ ਪਿੰਡ ਦੇ ਪਰਵਾਸੀ ਵੀਰਾਂ ਨੇ। ਪਿੰਡ ਵਾਸੀਆਂ ਅਤੇ ਪਰਵਾਸੀ ਵੀਰਾਂ ਦੀ ਮਦਦ ਨਾਲ ਇਸ ਸਕੂਲ ਵਿਚ ਹਰ ਉਹ ਸਹੂਲਤ ਮੁਹੱਈਆ ਕਰਵਾਈ ਗਈ, ਜੋ ਸ਼ਾਇਦ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਮਿਲਦੀ ਹੈ। ਸਕੂਲ ਵਿਚ ਹੁਣ 450 ਵਿਦਿਆਰਥੀ ਪੜ੍ਹਦੇ ਹਨ ਅਤੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ 'ਤੇ ਇਸ ਸਰਕਾਰੀ ਸਕੂਲ ਵਿਚ ਪੜ੍ਹਾਉਣਾ ਸਹੀ ਸਮਝਦੇ ਹਨ। 
ਸਕੂਲ ਦੀ ਸਾਇੰਸ ਪਾਰਕ ਦੇਖਣ ਵਾਲੀ ਹੈ। ਇੱਥੇ ਗਰੁੱਤਾਆਕ੍ਰਸ਼ਣ, ਧੁਨੀ, ਰਫਤਾਰ, ਭਾਰ ਆਦਿ ਨੂੰ ਲੈ ਕੇ ਕਈ ਤਰ੍ਹਾਂ ਦੇ ਮਾਡਲ ਮੌਜੂਦ ਹਨ, ਜਿਨ੍ਹਾਂ ਤੋਂ ਬੱਚੇ ਸਹਿਜੇ ਹੀ ਇਨ੍ਹਾਂ ਵਿਸ਼ਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਬਰਾੜ ਕਈ ਨਿੱਜੀ ਸਕੂਲਾਂ ਵਿਚ ਜਾ ਕੇ ਅਜਿਹੇ ਬੇਕਾਰ ਪਏ ਮਾਡਲਾਂ ਨੂੰ ਆਪਣੇ ਸਕੂਲ ਲਈ ਮੰਗ ਲੈਂਦੇ ਹਨ, ਤਾਂ ਜੋ ਬੱਚੇ ਇਨ੍ਹਾਂ ਤੋਂ ਸਿੱਖ ਸਕਣ।


Kulvinder Mahi

News Editor

Related News