ਰੱਬ ਆਸਰੇ ਚੱਲ ਰਹੀਆਂ ਸਰਕਾਰੀ ਬੱਸਾਂ, ਨਾ ਫੌਗ ਲਾਈਟਾਂ, ਨਾ ਰਿਫਲੈਕਟਰ

Tuesday, Nov 14, 2017 - 11:42 AM (IST)

ਰੱਬ ਆਸਰੇ ਚੱਲ ਰਹੀਆਂ ਸਰਕਾਰੀ ਬੱਸਾਂ, ਨਾ ਫੌਗ ਲਾਈਟਾਂ, ਨਾ ਰਿਫਲੈਕਟਰ

ਲੁਧਿਆਣਾ (ਸੰਨੀ) : ਰਾਜ ਦੀਆਂ ਸਰਕਾਰੀ ਬੱਸਾਂ ਵਿਚ ਸਫਰ ਕਰਨਾ ਕਿਤੇ ਲੋਕਾਂ ਲਈ ਅੰਤਿਮ ਸਫਰ ਨਾ ਸਾਬਤ ਹੋਵੇ। ਧੁੰਦ ਅਤੇ ਸਮੋਗ ਭਰੇ ਵਾਤਾਵਰਣ ਵਿਚ ਜਿੱਥੇ ਵਿਜ਼ੀਬਿਲਟੀ ਕੁੱਝ ਮੀਟਰ ਹੀ ਰਹਿ ਗਈ ਅਤੇ ਲਗਾਤਾਰ ਸੜਕੀ ਹਾਦਸਿਆਂ ਵਿਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਥੇ ਸਰਕਾਰੀ ਬੱਸਾਂ ਰੱਬ ਆਸਰੇ ਹੀ ਚੱਲ ਰਹੀਆਂ ਹਨ। ਸਰਕਾਰੀ ਬੱਸਾਂ ਵਿਚ ਧੁੰਦ ਅਤੇ ਸਮੋਗ ਦੌਰਾਨ ਡਰਾਈਵਿੰਗ ਕਰਨ ਲਈ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨੇ ਕੋਈ ਪ੍ਰਬੰਧ ਨਹੀਂ ਕੀਤੇ। ਆਲਮ ਇਹ ਹੈ ਕਿ ਬੱਸ ਅੱਡੇ ਵਿਚ ਆਵਾਜਾਈ ਵਾਲੀਆਂ ਬੱਸਾਂ ਸਾਰੇ ਸਰਕਾਰੀ ਹੁਕਮਾਂ ਨੂੰ ਮੂੰਹ ਚਿੜਾਉਂਦੀਆਂ ਨਜ਼ਰ ਆਈਆਂ। ਲੁਧਿਆਣਾ ਡਿਪੂ ਵਿਚ ਕਰੀਬ 135 ਬੱਸਾਂ ਦਾ ਬੇੜਾ ਹੈ, ਜੋ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਅਧੀਨ ਦੇਸ਼ ਦੇ ਵੱਖ-ਵੱਖ ਰੁਟਾਂ 'ਤੇ ਚਲਦੀਆਂ ਹਨ। ਧੁੰਦ ਅਤੇ ਸਮੋਗ ਭਰੇ ਖਤਰਨਾਕ ਵਾਤਾਵਰਣ ਵਿਚ ਬੱਸਾਂ ਵਿਚ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ। ਜ਼ਿਆਦਾਤਰ ਸਰਕਾਰੀ ਬੱਸਾਂ ਵਿਚ ਨਾ ਤਾਂ ਫੌਗ ਲਾਈਟਾਂ ਦਾ ਇੰਤਜ਼ਾਮ ਹੈ ਅਤੇ ਨਾ ਹੀ ਕੋਈ ਰਿਫਲੈਕਟਰ ਲਗਵਾਏ ਗਏ ਹਨ।
ਪ੍ਰਾਈਵੇਟ ਬੱਸਾਂ 'ਚ ਹਾਲਾਤ ਕੁਝ ਚੰਗੇ
ਸਰਕਾਰੀ ਦੇ ਉਲਟ ਬੱਸ ਅੱਡੇ ਤੋਂ ਚੱਲਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਵਿਚ ਹਾਲਾਤ ਕੁਝ ਚੰਗੇ ਪਾਏ ਗਏ। ਪ੍ਰਾਈਵੇਟ ਬੱਸਾਂ ਦੇ ਚਾਲਕਾਂ ਨੇ ਜਿੱਥੇ ਰਿਫਲੈਕਟਰ ਲਾ ਰੱਖੇ ਸਨ, ਉੱਥੇ ਜ਼ਿਆਦਾਤਰ ਨੇ ਹੈੱਡ ਲਾਈਟਾਂ ਦੇ ਨਾਲ ਖਾਸ ਤੌਰ 'ਤੇ ਫੌਗ ਲਾਈਟਾਂ ਵੀ ਲਾਈਆਂ ਹੋਈਆਂ ਸਨ ਪਰ ਇਹ ਚੰਗੇ ਹਾਲਾਤ ਕੁੱਝ ਚੁਣੀਆਂ ਹੋਈਆਂ ਕੰਪਨੀਆਂ ਦੀਆਂ ਬੱਸਾਂ ਦੇ ਹੀ ਨਜ਼ਰ ਆਏ।
ਕਈ ਚਾਲਕਾਂ ਨੇ ਕੀਤਾ ਜੁਗਾੜ
ਲੁਧਿਆਣਾ ਦੇ ਬੱਸ ਅੱਡੇ 'ਤੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਧੁੰਦ ਨਾਲ ਨਜਿੱਠਣ ਲਈ ਕਈ ਚਾਲਕਾਂ ਨੇ ਆਪਣੇ ਪੱਧਰ 'ਤੇ ਜੁਗਾੜ ਕਰ ਰੱਖਿਆ ਹੈ। ਚਾਲਕਾਂ ਨੇ ਬੱਸਾਂ ਦੀਆਂ ਹੈੱਡ ਲਾਈਟਾਂ 'ਤੇ ਪੀਲਾ ਪੇਪਰ ਲਾ ਰੱਖਿਆ ਸੀ ਤਾਂਕਿ ਧੁੰਦ ਭਰੇ ਸਫਰ ਵਿਚ ਪੀਲੀ ਲਾਈਟ ਨਾਲ ਦੂਰ ਤੱਕ ਦੇਖਿਆ ਜਾ ਸਕੇ। ਇਹ ਇਕ ਸਸਤਾ ਜੁਗਾੜ ਹੈ ਤਾਂ ਕਿ ਕਈ ਚਾਲਕ ਆਪਣੀ ਜੇਬ 'ਚੋਂ ਪੈਸੇ ਖਰਚ ਕਰ ਕੇ ਦਿੰਦੇ ਹਨ ਪਰ ਰਿਫਲੈਕਟਰ ਅਤੇ ਟੇਪ ਮਹਿੰਗੀ ਹੁੰਦੀ ਹੈ, ਜੋ ਚਾਲਕ ਆਪਣੀ ਜੇਬ 'ਚੋਂ ਖਰਚ ਕਰਨ ਤੋਂ ਕਤਰਾਉਂਦੇ ਹਨ।
ਸਿੰਗਲ ਸੜਕਾਂ 'ਤੇ ਜ਼ਿਆਦਾ ਸਮੱਸਿਆ
ਬਿਨਾਂ ਫੌਗ ਲਾਈਟਾਂ ਅਤੇ ਰਿਫਲੈਕਟਰ ਦੇ ਚਲਾਈਆਂ ਜਾ ਰਹੀਆਂ ਬੱਸਾਂ ਦੇ ਮੁੱਦੇ 'ਤੇ ਜਦੋਂ ਕੁਝ ਚਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਹਾਲਾਤ ਵਿਚ ਕੰਮ ਕਰਨਾ ਆਪਣੀ ਮਜਬੂਰੀ ਦੱਸਿਆ। ਚਾਲਕਾਂ ਦਾ ਕਹਿਣਾ ਸੀ ਕਿ ਸਿੰਗਲ ਸੜਕਾਂ 'ਤੇ ਡਰਾਈਵਿੰਗ ਕਰਨ ਨਾਲ ਖਤਰਾ ਕਈ ਗੁਣਾ ਵਧ ਜਾਂਦਾ ਹੈ, ਜਿੱਥੇ ਅੱਗੇ ਜਾ ਰਹੇ ਵਾਹਨ ਅਤੇ ਪਿੱਛਿਓਂ ਆ ਰਹੇ ਵਾਹਨ ਦਾ ਸਹੀ ਪਤਾ ਨਹੀਂ ਲਗਦਾ।
ਜ਼ਿਆਦਾਤਰ ਬੱਸਾਂ 'ਤੇ ਲਗਵਾਏ ਫੌਗ ਯੰਤਰ : ਜੀ. ਐੱਮ.
ਨਾਲ ਹੀ ਇਸ ਸਬੰਧੀ ਰੋਡਵੇਜ਼ ਦੇ ਜੀ. ਐੱਮ. ਗੁਰਸੇਵਕ ਸਿੰਘ ਰਾਜਪਾਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਸਾਂ ਵਿਚ ਧੁੰਦ ਅਤੇ ਸਮੋਗ ਦੌਰਾਨ ਡਰਾਈਵਿੰਗ ਕਰਨ ਲਈ ਫੌਗ ਯੰਤਰ ਲਗਵਾ ਦਿੱਤੇ ਗਏ ਹਨ। ਜੇਕਰ ਕੁੱਝ ਬੱਸਾਂ ਵਿਚ ਕਮੀਆਂ ਹਨ ਤਾਂ ਉਨ੍ਹਾਂ ਨੂੰ ਵੀ ਜਲਦ ਦਰੁਸਤ ਕਰਵਾ ਦਿੱਤਾ ਜਾਵੇਗਾ।


Related News