ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ, ਰੱਖੀ ਇਹ ਮੰਗ

Saturday, Jun 17, 2023 - 12:55 AM (IST)

ਚੰਡੀਗੜ੍ਹ (ਰਮਨਜੀਤ ਸਿੰਘ)– ਭਾਰਤ ਦੇ ਨਾਲ-ਨਾਲ ਅਮਰੀਕਾ ਵਿਚ ਪੰਜਾਬ ਦੇ ਲੋਕਾਂ ਦੀ ਵੱਧ ਰਹੀ ਮੰਗ ਨੂੰ ਦੇਖਦਿਆਂ ਚੰਡੀਗੜ੍ਹ ਵਿਖੇ ਅਮਰੀਕੀ ਕੌਂਸਲੇਟ ਦੇ ਹੱਕ ਵਿਚ ਪੈਰਵੀ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ।

ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਰਾਜਪਾਲ ਨੇ ਲਿਖਿਆ ਕਿ ਪੰਜਾਬੀ ਉਤਸ਼ਾਹੀ ਲੋਕ ਹਨ, ਜੋ ਦੇਸ਼ ਅਤੇ ਵਿਦੇਸ਼ ਵਿਚ ਘੁੰਮਣਾ ਪਸੰਦ ਕਰਦੇ ਹਨ। ਅਮਰੀਕਾ ਵਿਚ ਭਾਰਤੀਆਂ ਦੀ ਕੁੱਲ੍ਹ ਜਨਸੰਖਿਆ ਵਿਚ ਇਨ੍ਹਾਂ ਦਾ ਵੱਡਾ ਹਿੱਸਾ ਵੀ ਹੈ। ਇਸ ਭਾਈਚਾਰੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਮੈਂਬਰ ਆਪਣੇ ਪਿਛੋਕੜ ਪ੍ਰਤੀ ਸੁਚੇਤ ਹਨ ਅਤੇ ਭਾਰਤ ਵਿਚ ਆਪਣੇ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਹਨ। ਇਸ ਲਈ ਚੰਡੀਗੜ੍ਹ, ਜੋ ਪੰਜਾਬੀ ਸੱਭਿਆਚਾਰ ਦਾ ਕੇਂਦਰ ਹੈ, ਵਿਖੇ ਇਕ ਅਮਰੀਕੀ ਕੌਂਸਲੇਟ ਖੋਲ੍ਹਣ ਦਾ ਇਹ ਮਹੱਤਵਪੂਰਨ ਕਾਰਣ ਬਣਦਾ ਹੈ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਮੈਟਰੋ 'ਚੋਂ ਬਣੀਆਂ Reels ਵਾਇਰਲ ਹੋਣ ਮਗਰੋਂ DMRC ਦਾ ਟਵੀਟ, ਲਿਖੀਆਂ ਇਹ ਗੱਲਾਂ

ਉਨ੍ਹਾਂ ਭਾਰਤ ਵਿਚ ਇਕ ਹੋਰ ਕੌਂਸਲੇਟ ਦੀ ਮੰਗ ਦਾ ਹਵਾਲਾ ਦਿੱਤਾ, ਜਿਸ ਲਈ ਅਮਰੀਕਾ ਵਿਚ ਵੀ ਅਮਰੀਕੀ ਸੰਸਦ ਮੈਂਬਰਾਂ ਵਲੋਂ ਦਬਾਅ ਪਾਇਆ ਜਾ ਰਿਹਾ ਹੈ, ਜਿਸ ਨਾਲ ਇਸ ਮੰਗ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਅਮਰੀਕਾ ਵਿਚ ਪੰਜ ਕੌਂਸਲੇਟ ਹਨ, ਜਦੋਂ ਕਿ ਅਮਰੀਕਾ ਦੇ ਭਾਰਤ ਵਿਚ ਸਿਰਫ਼ ਚਾਰ ਕੌਂਸਲੇਟ ਹੀ ਹਨ।

ਰਾਜਪਾਲ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਵਿਚ ਯੂ.ਐੱਸ. ਕੌਂਸਲੇਟ ਖੋਲ੍ਹਿਆ ਜਾਂਦਾ ਹੈ, ਤਾਂ ਇਹ ਸੂਬੇ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਛੂਹਣ ਦੇ ਉਦੇਸ਼ਾਂ ਦੀ ਪੂਰਤੀ ਕਰੇਗਾ। ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਨੂੰ ਸਬੰਧਤ ਅਮਰੀਕੀ ਅਧਿਕਾਰੀਆਂ ਕੋਲ ਉਠਾਉਣ ਦੀ ਬੇਨਤੀ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News