ਪੰਜਾਬ ''ਚ ਹੜ੍ਹਾਂ ਦੀ ਰੋਕਥਾਮ ਲਈ 50 ਕਰੋੜ ਖਰਚੇਗੀ ਸਰਕਾਰ
Sunday, Jul 19, 2020 - 01:12 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਇਸ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੀ ਰੋਕਥਾਮ ਲਈ ਡਰੇਨਾਂ ਦੀ ਸਫਾਈ ਸਮੇਤ ਵਿਆਪਕ ਹੜ੍ਹ ਪ੍ਰਬੰਧਨ ਕੰਮਾਂ 'ਤੇ 50 ਕਰੋੜ ਰੁਪਏ ਖਰਚੇਗੀ। ‘ਕੈਪਟਨ ਨੂੰ ਸਵਾਲ’ ਆਪਣੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਕੁੱਲ 2100 ਕਿਲੋਮੀਟਰ ਲੰਬੀਆਂ ਡਰੇਨਾਂ 'ਚੋਂ 1400 ਕਿਲੋਮੀਟਰ ਦੀ ਸਫਾਈ ਮੁਕੰਮਲ ਹੋ ਚੁੱਕੀ ਹੈ, ਜਦੋਂ ਕਿ ਬਾਕੀ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾਜ਼ੁਕ ਥਾਵਾਂ 'ਤੇ 42 ਹੋਰ ਹੜ੍ਹ ਰੋਕੋ ਪ੍ਰਾਜੈਕਟ ਵੀ ਵੱਡੇ ਪੱਧਰ ’ਤੇ ਚੱਲ ਰਹੇ ਹਨ। ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਰੋਕਥਾਮ ਦੇ ਕੰਮਾਂ ਤਹਿਤ ਸੰਵੇਦਨਸ਼ੀਲ ਥਾਵਾਂ 'ਤੇ ਈ. ਸੀ. ਬੈਗ ਲਗਾਏ ਗਏ ਹਨ। ਇਹ ਦੇਖਦਿਆਂ ਕਿ ਪਿਛਲੇ ਸਾਲ ਪਹਾੜੀ ਇਲਾਕਿਆਂ ’ਤੇ ਬਰਫ ਪਿਘਲਣ ਕਾਰਨ ਭਾਖੜਾ ਡੈਮ 'ਚ ਵੱਡੀ ਮਾਤਰਾ 'ਚ ਪਾਣੀ ਆਉਣ ਕਾਰਨ ਸੂਬੇ 'ਚ ਹੜ੍ਹ ਆ ਗਏ ਸਨ, ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਰੋਕਥਾਮ ਲਈ ਕਈ ਉਪਾਅ ਕੀਤੇ ਜਾ ਰਹੇ ਹਨ।
ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਕਿਹਾ ਗਿਆ ਹੈ ਕਿ ਵਾਧੂ ਪਾਣੀ ਲਈ ਜਗ੍ਹਾ ਬਣਾਉਣ ਵਾਸਤੇ ਵਹਾਅ ਨੂੰ ਵਧਾ ਦਿੱਤਾ ਜਾਵੇ ਅਤੇ ਨਾਲ ਹੀ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਹਾਅ ਦੋ ਮਹੀਨੇ ਪਹਿਲਾਂ ਵਧਾ ਕੇ 30000 ਕਿਊਸਕ ਕਰ ਦਿੱਤਾ ਸੀ ਅਤੇ ਡੈਮ 'ਚ ਇਸ ਵੇਲੇ ਪਾਣੀ ਦਾ ਪੱਧਰ 1335 ਫੁੱਟ ਹੈ, ਜੋ ਕਿ ਪਿਛਲੇ ਸਾਲ ਨਾਲੋਂ 20 ਫੁੱਟ ਘੱਟ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੌਂਗ ਡੈਮ ਸਿਰਫ ਮੀਂਹ ਵਾਲਾ ਹੈ ਅਤੇ ਇੱਥੇ ਵਹਾਅ ਵਧਾ ਕੇ 15000 ਕਿਊਸਕ ਤੱਕ ਕਰ ਦਿੱਤਾ ਹੈ। ਇਸ ਵੇਲੇ ਡੈਮ 'ਚ ਪਾਣੀ ਦਾ ਪੱਧਰ 1335 ਫੁੱਟ ਹੈ, ਜੋ ਕਿ ਪਿਛਲੇ ਸਾਲ ਨਾਲੋਂ 8 ਫੁੱਟ ਜ਼ਿਆਦਾ ਹੈ। ਰਣਜੀਤ ਸਾਗਰ ਡੈਮ 'ਚੋਂ ਪਾਣੀ ਦਾ ਵਹਾਅ 14664 ਕਿਊਸਕ ਹੈ ਅਤੇ ਡੈਮ ਦਾ ਪੱਧਰ ਇਸ ਵੇਲੇ 512 ਫੁੱਟ ਹੈ, ਜੋ ਕਿ ਪਿਛਲੇ ਸਾਲ ਨਾਲੋਂ 1 ਫੁੱਟ ਜ਼ਿਆਦਾ ਹੈ।