ਮੋਦੀ ਸਰਕਾਰ ਦੀਆਂ ਨੀਤੀਆਂ ਸਦਕਾ ਕਰੀਬ 50 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ: ਅਸ਼ਵਨੀ ਸ਼ਰਮਾ
Saturday, Oct 31, 2026 - 07:29 PM (IST)
ਪਠਾਨਕੋਟ- ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਭਾਰਤ ਵਿਚ ਗਰੀਬੀ ਘਟਾਉਣ ਸਬੰਧੀ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰਿਵਰਤਨਸ਼ੀਲ ਅਗਵਾਈ ਅਤੇ ਉਨ੍ਹਾਂ ਦੀ ਸਰਕਾਰ ਦੀ ਗਰੀਬਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦਾ ਮਜ਼ਬੂਤ ਸਬੂਤ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ 'ਅੰਤੋਦਿਆ' (ਸਮਾਜ ਦੇ ਆਖਰੀ ਵਿਅਕਤੀ ਦਾ ਉਥਾਨ) ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਵਿਕਾਸ ਦਾ ਲਾਭ ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਖੜ੍ਹੇ ਵਿਅਕਤੀ ਤੱਕ ਵੀ ਪਹੁੰਚੇ। ਮੁਫ਼ਤ ਅਨਾਜ ਅਤੇ ਵਿੱਤੀ ਸਹਾਇਤਾ ਤੋਂ ਲੈ ਕੇ ਮਕਾਨ, ਸਫ਼ਾਈ, ਬਿਜਲੀ ਅਤੇ ਸਿਹਤ ਸਹੂਲਤਾਂ ਤੱਕ, ਮੋਦੀ ਸਰਕਾਰ ਨੇ ਭਲਾਈ ਸਕੀਮਾਂ ਦਾ ਲਾਭ ਸਿੱਧਾ ਜ਼ਮੀਨੀ ਪੱਧਰ ਤੱਕ ਪਹੁੰਚਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ।
ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼ਰਮਾ ਨੇ ਕਿਹਾ ਕਿ 2011 ਅਤੇ 2023 ਦੇ ਵਿਚਕਾਰ ਲਗਭਗ 49.6 ਕਰੋੜ ਲੋਕ ਹੇਠਲੇ-ਮੱਧਮ ਆਮਦਨ ਵਾਲੀ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ, ਜਿਸ ਨਾਲ ਭਾਰਤ ਵਿੱਚ ਗਰੀਬੀ ਦੀ ਦਰ 57.7 ਫੀਸਦੀ ਤੋਂ ਘਟ ਕੇ 16.1 ਫੀਸਦੀ 'ਤੇ ਆ ਗਈ ਹੈ। ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਇਸੇ ਸਮੇਂ ਦੌਰਾਨ ਅਤਿ ਗਰੀਬੀ 27.1 ਫੀਸਦੀ ਤੋਂ ਘਟ ਕੇ ਸਿਰਫ਼ 2.6 ਫੀਸਦੀ ਰਹਿ ਗਈ ਹੈ।
ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, "ਇਹ ਅੰਕੜੇ ਸਿਰਫ਼ ਅੰਕੜੇ ਨਹੀਂ ਹਨ, ਸਗੋਂ ਕਰੋੜਾਂ ਭਾਰਤੀ ਪਰਿਵਾਰਾਂ ਦੇ ਜੀਵਨ ਪੱਧਰ ਵਿੱਚ ਆਏ ਸੁਧਾਰ, ਉਨ੍ਹਾਂ ਦੇ ਸਨਮਾਨ ਅਤੇ ਵਧੇ ਹੋਏ ਮੌਕਿਆਂ ਦੀ ਤਸਵੀਰ ਪੇਸ਼ ਕਰਦੇ ਹਨ। ਕਾਂਗਰਸ ਨੇ ਦਹਾਕਿਆਂ ਤੱਕ 'ਗਰੀਬੀ ਹਟਾਓ' ਦਾ ਨਾਅਰਾ ਦਿੱਤਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਮਜ਼ਬੂਤ ਨੀਤੀਆਂ ਅਤੇ ਪ੍ਰਭਾਵਸ਼ਾਲੀ ਅਮਲ ਰਾਹੀਂ ਇਹ ਸਾਬਤ ਕੀਤਾ ਹੈ ਕਿ ਗਰੀਬੀ ਨੂੰ ਅਸਲ ਵਿੱਚ ਕਿਵੇਂ ਦੂਰ ਕੀਤਾ ਜਾ ਸਕਦਾ ਹੈ।"
ਵਿਰੋਧੀ ਧਿਰ 'ਤੇ ਹੋਰ ਹਮਲਾ ਕਰਦਿਆਂ ਸ਼ਰਮਾ ਨੇ ਕਿਹਾ ਕਿ ਕਾਂਗਰਸੀ ਆਗੂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਅਤੇ ਦੋਸ਼ ਲਗਾਉਣ ਵਿੱਚ ਹੀ ਰੁੱਝੇ ਰਹਿੰਦੇ ਹਨ, ਜਦਕਿ ਉਹ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਮਾਨਤਾ ਪ੍ਰਾਪਤ ਤੱਥਾਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦੇ ਹਨ। ਉਨ੍ਹਾਂ ਕਿਹਾ, "ਇਹ ਰਿਪੋਰਟ ਉਨ੍ਹਾਂ ਲੋਕਾਂ ਲਈ ਕਰਾਰਾ ਜਵਾਬ ਹੈ, ਜਿਨ੍ਹਾਂ ਨੇ ਦਹਾਕਿਆਂ ਤੱਕ ਸਿਆਸੀ ਲਾਹਾ ਲੈਣ ਲਈ ਗਰੀਬੀ ਦੇ ਮੁੱਦੇ ਦਾ ਇਸਤੇਮਾਲ ਕੀਤਾ, ਪਰ ਗਰੀਬਾਂ ਦੇ ਜੀਵਨ ਵਿੱਚ ਕੋਈ ਅਰਥਪੂਰਨ ਤਬਦੀਲੀ ਲਿਆਉਣ ਵਿੱਚ ਅਸਫਲ ਰਹੇ।
