ਪਰਵਿੰਦਰ ਝੋਟਾ ਇਨਸਾਫ਼ ਮੋਰਚਾ ਦੀ ਹਮਾਇਤ ਲਈ ਪਹੁੰਚੀਆਂ 50 ਜਥੇਬੰਦੀਆਂ, ਕੀਤਾ ਵੱਡਾ ਐਲਾਨ
Friday, Oct 30, 2026 - 07:18 PM (IST)
ਮਾਨਸਾ (ਵੈੱਬ ਡੈਸਕ): ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੇ ਇਨਸਾਫ਼ ਲਈ ਲੱਗੇ ਮੋਰਚੇ ਵਿਚ ਅੱਜ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ। ਅੱਜ 50 ਦੇ ਕਰੀਬ ਧਾਰਮਿਕ, ਸਮਾਜਿਕ, ਕਿਸਾਨ ਤੇ ਵਪਾਰਕ ਜਥੇਬੰਦੀਆਂ ਨੇ ਪਰਿਵਾਰ ਤੇ ਐਕਸ਼ਨ ਕਮੇਟੀ ਦੇ ਨਾਲ ਮੀਟਿੰਗ ਕੀਤੀ। ਮੀਟਿੰਗਾਂ ਦਾ ਇਹ ਦੌਰ 3-4 ਘੰਟੇ ਚੱਲਦਾ ਰਿਹਾ। ਇਸ ਮਗਰੋਂ ਜਥੇਬੰਦੀਆਂ ਨੇ 5 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ।
ਇਸ ਸਬੰਧੀ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਪਰਵਿੰਦਰ ਸਿੰਘ ਝੋਟਾ ਦੀ ਪਤਨੀ ਤੇ ਇਨਸਾਫ਼ ਕਮੇਟੀ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਲੱਖਾ ਸਿੱਧਾਣਾ ਸਣੇ ਹੋਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਉੱਥੇ ਵੀ ਕੋਈ ਸੁਣਵਾਈ ਨਾ ਹੋਈ ਤਾਂ ਉਸੇ ਜਗ੍ਹਾ ਮੀਟਿੰਗ ਕਰ ਕੇ ਇਸ ਤੋਂ ਵੀ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਕਮੇਟੀ ਵੱਲੋਂ 31 ਤਾਰੀਖ਼ ਨੂੰ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦਾ ਸੱਦਾ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮਾਨਸਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ।
ਉੱਥੇ ਹੀ ਅੱਜ ਬਰਨਾਲਾ-ਸਿਰਸਾ ਹਾਈਵੇਅ ਵੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਦੱਸ ਦਈਏ ਕਿ ਪਰਵਿੰਦਰ ਝੋਟੇ ਦੇ ਕਤਲ ਮਗਰੋਂ ਲੱਗੇ ਧਰਨੇ ਕਾਰਨ ਤਿੰਨਕੌਨੀ ਚੌਕ ਜਾਮ ਸੀ, ਅੱਜ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਪਾਸੇ ਆਵਾਜਾਈ ਬਹਾਲ ਕਰ ਦਿੱਤੀ ਗਈ ਤੇ ਇਕ ਪਾਸੇ ਧਰਨਾ ਜਾਰੀ ਹੈ। ਇਹ ਰਾਹ ਖੁੱਲ੍ਹਣ ਨਾਲ ਸ਼ਹਿਰ ਦੀ ਆਵਾਜਾਈ ਸੁਖਾਲੀ ਹੋ ਗਈ ਹੈ, ਕਿਉਂਕਿ ਇਹ ਸ਼ਹਿਰ ਦਾ ਐਂਟਰੀ ਪੁਆਇੰਟ ਹੈ ਤੇ ਸ਼ਹਿਰ ਵਿਚ ਜਾਣ ਵਾਲੀਆਂ ਬੱਸਾਂ ਵੀ ਇੱਧਰੋਂ ਲੰਘਦੀਆਂ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਘੁੰਮ ਕੇ ਜਾਣਾ ਪੈ ਰਿਹਾ ਸੀ।
