ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋ ਸਰਕਾਰੀ ਸਮਾਰਟ ਸਕੂਲ ਕੋਟੜਾ ਕਲਾਂ ਦਾ ਕੀਤਾ ਗਿਆ ਉਦਘਾਟਨ

8/16/2020 4:31:44 PM

ਮਾਨਸਾ(ਮਿੱਤਲ) : ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋ ਆਜ਼ਾਦੀ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਬਾਅਦ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਹੋ ਰਹੇ ਹਨ। ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਸਮਾਰਟ ਸਕੂਲ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਬੰਧੀ ਤਕਨੀਕੀ ਸਿਖਲਾਈ ਦੇ ਕੇ ਭਵਿੱਖ ਵਿਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਬਾਵਜੂਦ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਣ ਦਾ ਠੋਸ ਉਪਰਾਲਾ ਕੀਤਾ ਗਿਆ ਹੈ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਸਮਾਰਟ ਫੋਨ ਦਿੱਤੇ ਜਾ ਰਹੇ ਹਨ।

ਸ਼੍ਰੀ ਕਾਂਗੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਦਾ ਆਧੁਨਿਕ ਤਰਜ਼ 'ਤੇ ਵਿਕਾਸ ਕਰਨਾ ਸਮੇਂ ਦੀ ਅਹਿਮ ਲੋੜ ਹੈ। ਸ਼੍ਰੀ ਕਾਂਗੜ ਨੇ ਇਸ ਮੌਕੇ ਸਕੂਲ ਵਿਚ ਸਥਾਪਤ ਸਮਾਰਟ ਕਲਾਸ ਰੂਮਜ਼ ਦਾ ਜਾਇਜ਼ਾ ਵੀ ਲਿਆ। ਜ਼ਿਲ੍ਹਾ ਮਾਨਸਾ ਦੇ ਉਚ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਸਮੇਤ ਸਕੂਲ ਦਾ ਉਦਘਾਟਨ ਕਰਨ ਪੁੱਜੇ ਸ. ਕਾਂਗੜ ਦਾ ਸ਼ਾਨਦਾਰ ਅੰਦਾਜ਼ ਵਿਚ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਸਕੂਲ ਦੇ ਵਿਹੜੇ ਵਿਚ ਸਥਾਪਤ ਆਧੁਨਿਕ ਪੜ੍ਹਾਈ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵਿਦਿਆਰਥੀਆਂ ਦੁਆਰਾ ਤਿਆਰ ਵਸਤਾਂ ਵੀ ਦੇਖੀਆਂ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲੀ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਪ੍ਰੋਜੈਕਟ ਤਿਆਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਬਾਰਵੀਂ ਜਮਾਤ ਵਿੱਚੋਂ 98% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਕਮਲਜੀਤ ਕੌਰ, ਰਮਨਦੀਪ ਕੌਰ, ਤਰਨਪ੍ਰੀਤ ਕੌਰ ਅਤੇ ਹੀਨਾ ਨੂੰ 5100-5100 ਰੁਪਏ ਦੇ ਚੈੱਕ ਵੀ ਪ੍ਰਦਾਨ ਕੀਤੇ। ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੀਤ ਗਾਇਨ ਮੁਕਾਬਲਿਆਂ ਦੀ ਜ਼ਿਲ੍ਹਾ ਪੱਧਰ 'ਤੇ ਜੇਤੂ ਵਿਦਿਆਰਥਣ ਨਿਧਾ ਨੂੰ 1100 ਰੁਪਏ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਵਿਚ ਸਮਾਰਟ ਰੂਮ, ਲਾਇਬ੍ਰੇਰੀ, ਕੰਪਿਊਟਰ ਲੈਬ, ਸਾਇੰਸ ਲੈਬ, ਲਿਸਨਿੰਗ ਲੈਬ, ਸਾਇੰਸ ਪਾਰਕ, ਮੈਥ ਪਾਰਕ, ਬਾਸਕਟਬਾਲ ਗਰਾਊਂਡ ਆਦਿ ਵੀ ਹਨ।

ਇਸ ਮੌਕੇ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸਾਹੀਆ, ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ, ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਬਿਕਰਮ ਸਿੰਘ ਮੋਫਰ, ਵਾਈਸ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ਼੍ਰੀ ਰਾਮ ਸਿੰਘ ਸਰਦੂਲਗੜ੍ਹ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਸੁਰਜੀਤ ਸਿੰਘ ਸਿੱਧੂ, ਸੂਬਾ ਕੋਆਰਡੀਨੇਟਰ ਸਮਾਰਟ ਸਕੂਲਜ਼ ਸ਼੍ਰੀ ਅਮਰਜੀਤ ਸਿੰਘ, ਡਾ. ਮਨੋਜ ਬਾਲਾ ਮੰਜੂ ਬਾਂਸਲ, ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ, ਸ਼੍ਰੀ ਚੁਸਪਿੰਦਰਬੀਰ ਸਿੰਘ ਚਹਿਲ, ਸਰਪੰਚ ਸ਼੍ਰੀ ਗੁਰਜੰਟ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਪ੍ਰਿੰਸੀਪਲ ਸ਼੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਮੌਜੂਦ ਸਨ।


Harinder Kaur

Content Editor Harinder Kaur