ਸਰਕਾਰੀ ਸਕੂਲ ਦਾ ਹਾਲ, 15 ਸਾਲਾਂ ਤੋਂ ਬੱਚੇ ਅਧਿਆਪਕਾਂ ਨੂੰ ਤਰਸੇ
Tuesday, Mar 19, 2019 - 03:15 PM (IST)
ਹੁਸ਼ਿਆਰਪੁਰ (ਅਮਰੀਕ)— ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਪ੍ਰਤੀ ਕਿੰਨਾ ਗੰਭੀਰ ਹੈ, ਇਸ ਦੀ ਤਾਜ਼ਾ ਮਿਸਾਲ ਹੁਸ਼ਿਆਰਪੁਰ ਦੇ ਅਬਦੁਲਪੁਰ 'ਚ ਦੇਖਣ ਨੂੰ ਮਿਲੀ। ਅਬਦੁਲਪੁਰ ਦੇ ਸਰਕਾਰੀ ਸਕੂਲ 'ਚ 15 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਬੱਚਿਆਂ ਲਈ ਲੱਖਾਂ ਰੁਪਏ ਖਰਚ ਕਰਕੇ ਇਮਾਰਤ ਬਣਾ ਤਾਂ ਦਿੱਤੀ ਗਈ ਪਰ ਸਕੂਲ 'ਚ ਅੱਜ ਤੱਕ ਕੋਈ ਅਧਿਆਪਕ ਨਾ ਆਉਣ ਦੇ ਚਲਦਿਆਂ ਬੱਚਿਆਂ ਨੂੰ ਪਿੰਡ ਬਾਹਰ ਸਕੂਲ 'ਚੋਂ ਸਿੱਖਿਆ ਹਾਸਲ ਕਰਨ ਲਈ ਜਾਣਾ ਪੈ ਰਿਹਾ ਹੈ। ਅਧਿਕਾਰੀ ਇਸ ਸਕੂਲ 'ਚ ਬੱਚਿਆਂ ਦੀ ਕਮੀ ਕਾਰਨ ਸਕੂਲ ਬੰਦ ਹੋਣ ਦੀ ਗੱਲ ਕਹਿੰਦੇ ਹਨ ਜਦਕਿ ਪਿੰਡ 'ਚ 40 ਤੋਂ ਵੱਧ ਬੱਚੇ ਅੱਜ ਵੀ ਪਿੰਡ ਤੋਂ ਬਾਹਰ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਬਹੁਤ ਸਾਰੇ ਬੱਚੇ ਅਧਿਆਪਕ ਨਾ ਹੋਣ ਕਾਰਨ ਸਿੱਖਿਆ ਨਹੀਂ ਗ੍ਰਹਿਣ ਕਰ ਪਾ ਰਹੇ ਹਨ, ਜਿਸ ਦੇ ਚਲਦਿਆਂ ਸਕੂਲ ਛੱਡ ਚੁੱਕੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਤੋਂ ਦੂਰ ਜਾਂਦੇ ਸਮੇਂ ਬੱਚਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਚਲਦਿਆਂ ਬਹੁਤੇ ਬੱਚੇ ਸਕੂਲ ਛੱਡ ਚੁੱਕੇ ਹਨ। ਇਸ ਸਬੰਧੀ ਜਦੋਂ ਸਰਪੰਚ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਪਿੰਡ 'ਚ ਸਕੂਲ ਤਾਂ ਹੈ ਪਰ ਅਧਿਆਪਕ ਨਹੀਂ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਵੱਲੋਂ ਬਹੁਤ ਵਾਰੀ ਲਿਖਤੀ ਮੰਗ ਕੀਤੀ ਗਈ ਪਰ ਅੱਜ ਤੱਕ ਸਕੂਲ 'ਚ ਕੋਈ ਅਧਿਆਪਕ ਨਹੀਂ ਆਇਆ। ਉਥੇ ਹੀ ਜਦੋਂ ਬਲਾਕ ਸਿੱਖਿਆ ਅਧਿਕਾਰੀ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡਾਂ 'ਚ ਬੱਚਿਆਂ ਦੀ ਕਮੀ ਦੇ ਕਾਰਨ ਸਕੂਲ ਸਰਕਾਰ ਵੱਲੋਂ ਬੰਦ ਕੀਤੇ ਗਏ ਹਨ। ਜੇਕਰ ਕੋਈ ਸਮੱਸਿਆ ਹੈ ਤਾਂ ਉਹ ਜਲਦੀ ਹੀ ਪਿੰਡ ਦੇ ਸਕੂਲ ਦਾ ਦੌਰਾ ਕਰਕੇ ਖੁਦ ਦੇਖਣਗੇ।