ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ

07/17/2018 1:47:15 AM

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਸਰਕਾਰ ਵੱਲੋਂ ਦਿਨੋਂ ਦਿਨ ਮੁਲਾਜ਼ਮਾਂ ’ਤੇ ਬੇਤਹਾਸ਼ਾ ਟੈਕਸ ਲਾਉਣ ’ਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ 200 ਰੁਪਏ ਵਿਕਾਸ ਟੈਕਸ ਲਾ ਕੇ ਮੁਲਾਜ਼ਮਾਂ ਦੀ ਸ਼ਰ੍ਹੇਆਮ ਲੁੱਟ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਅੱਜ ਸਿਵਲ ਸਰਜਨ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਰੈਲੀ ਕੀਤੀ ਤੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੈਰਾ ਮੈਡੀਕਲ ਦੇ ਅਾਰਗੇਨਾਈਜ਼ਰ ਬਸੰਤ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਭੁੱਖੀ-ਨੰਗੀ ਹੋ ਚੁੱਕੀ ਹੈ ਤੇ ਹੁਣ ਮੁਲਾਜ਼ਮਾਂ ’ਤੇ ਬੇਵਜ੍ਹਾ ਟੈਕਸ ਲਾ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਮੁਲਾਜ਼ਮ ਵਰਗ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। 
ਪੈਰਾ ਮੈਡੀਕਲ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਕੋਈ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਦਿੱਤੀ ਤੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਹਰ ਘਰ ਵਿਚ ਨੌਕਰੀ, ਕਿਸਾਨਾਂ ਦੀ ਆਤਮ ਹੱਤਿਆ ਤੇ ਨਸ਼ਾ, ਜੋ ਪੰਜਾਬ ਵਿਚ ਸ਼ਰ੍ਹੇਆਮ ਵਿੱਕ ਰਿਹਾ, ਉਨ੍ਹਾਂ ਤੋਂ ਮੁੱਕਰ ਗਈ ਹੈ। ਪੰਜਾਬ ਸਰਕਾਰ ਦੇ ਖਿਲਾਫ ਮੁਲਾਜ਼ਮਾਂ ਦਾ ਰੋਸ ਵਧਦਾ ਜਾ ਰਿਹਾ ਹੈ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਧਿਆਨ ਭਟਕਾਉਣ ਲਈ ਕਦੀ ਡੋਪ ਟੈਸਟ ਤੇ ਹੋਰ ਕਈ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮ ਮਾਰੂ ਨੀਤੀਆ ਨਾ ਬੰਦ ਕੀਤੀਅਾਂ ਤਾਂ ਪੰਜਾਬ ਦਾ ਮੁਲਾਜ਼ਮ ਵੱਡੇ ਪੱਧਰ ’ਤੇ ਸੰਘਰਸ਼ ਕਰੇਗਾ ਤੇ ਇਸ ਦਾ ਖਮਿਆਜਾ 2019 ਵਿਚ ਭੁਗਤਣਾ ਪਵੇਗਾ। 
ਇਸ ਮੌਕੇ ਮਨਿਸਟੀਰੀਅਲ ਸਟਾਫ ਵੱਲੋਂ ਰਜਿੰਦਰ ਕੌਰ, ਡਰਾਈਵਰ ਯੂਨੀਅਨ ਵੱਲੋਂ ਪਰਮਜੀਤ ਸਿੰਘ ਤੇ ਸਰਵਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਦੇਵ ਰਾਜ ਸਿੱਧੂ, ਅਸ਼ੋਕ ਕੁਮਾਰ, ਸੰਜੀਵ ਕੁਮਾਰ ਜਨਰਲ ਸਕੱਤਰ, ਵੀਨਾ, ਜੋਤੀ, ਬਿਮਲਾ ਦੇਵੀ, ਸੁਮਨ ਸੇਠੀ ਗਗਨ, ਰਾਕੇਸ਼ ਕੁਮਾਰ, ਵਿਸ਼ਾਲ ਪੁਰੀ ਆਦਿ 
ਵੀ ਹਾਜ਼ਰ ਸਨ।
 


Related News