ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ''ਤੇ ਬਸਪਾ ਆਗੂ ਤੇ ਵਰਕਰ ਭੜਕੇ, ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ

10/25/2017 12:09:15 PM

ਕਪੂਰਥਲਾ(ਮੱਲ੍ਹੀ)— ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ. ਜੀ. ਐੱਸ. ਈ. ਪੰਜਾਬ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ, ਜਿਨ੍ਹਾਂ ਦੀ ਗਿਣਤੀ 800 ਦੇ ਕਰੀਬ ਦੱਸੀ ਜਾ ਰਹੀ ਹੈ, ਨੂੰ ਨੇੜਲੇ ਸਕੂਲਾਂ 'ਚ ਮਰਜ ਕਰਨ ਦੇ ਫੈਸਲੇ 'ਤੇ ਬਸਪਾ ਆਗੂਆਂ, ਵਰਕਰਾਂ ਤੇ ਦਲਿਤ ਸਮਾਜ ਦੇ ਲੋਕਾਂ ਨੇ ਸਖਤ ਇਤਰਾਜ਼ ਪ੍ਰਗਟਾਇਆ ਅਤੇ ਬਸਪਾ ਨੇ ਕੈਪਟਨ ਸਰਕਾਰ ਨੂੰ ਪੰਜਾਬ ਦੇ 20 ਬੱਚਿਆਂ ਤੋਂ ਘੱਟ ਗਿਣਤੀ ਵਾਲੇ 800 ਸਕੂਲ ਬੰਦ ਨਾ ਕਰਨ ਲਈ ਡੀ. ਸੀ. ਕਪੂਰਥਲਾ ਰਾਹੀਂ ਮੰਗ ਪੱਤਰ ਵੀ ਜਾਰੀ ਕੀਤਾ। 
ਬਸਪਾ ਆਗੂ ਤਰਸੇਮ ਸਿੰਘ ਡੌਲਾ ਇੰਚਾਰਜ ਜਲੰਧਰ ਜ਼ੋਨ, ਬੀਬੀ ਰਚਨਾ ਦੇਵੀ ਸਕੱਤਰ ਬਸਪਾ ਪੰਜਾਬ, ਰਮੇਸ਼ ਕੌਲ ਇੰਚਾਰਜ ਕਪੂਰਥਲਾ, ਤਰਸੇਮ ਥਾਪਰ ਜ਼ਿਲਾ ਪ੍ਰ੍ਰਧਾਨ ਬਸਪਾ ਕਪੂਰਥਲਾ, ਕੁਲਦੀਪ ਸਿੰਘ ਭੱਟੀ ਐਡਵੋਕੇਟ ਜ. ਸਕੱਤਰ, ਪਰਮਿੰਦਰ ਪਲਾਹੀ ਜ਼ਿਲਾ ਯੂਥਵਿੰਗ ਬਸਪਾ, ਗੁਰਦਿਆਲ ਰਾਮ ਪ੍ਰਧਾਨ ਹਲਕਾ ਕਪੂਰਥਲਾ, ਮੰਗਲ ਸਿੰਘ ਪ੍ਰਧਾਨ, ਪਰਮਜੀਤ ਸਿੰਘ ਖਲਵਾੜਾ, ਭਾਰਾ ਸਿੰਘ, ਮੰਗਤ ਰਾਮ ਕਲੇਰ, ਲਹਿੰਬਰ ਸਿੰਘ ਬਲਾਲੋਂ, ਚਰਨਜੀਤ ਧਾਲੀਵਾਲ, ਮੋਹਣ ਲਾਲ ਖੱਸਣ, ਬਿੰਦਰ ਮਸੀਹ, ਸੁਰਿੰਦਰ ਢੰਡ, ਅਮਨਦੀਪ ਸਿੰਘ, ਸਤਪਾਲ ਭੱਟੀ ਤੇ ਸਰਦਾਰ ਮਸੀਹ ਆਦਿ ਨੇ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਨੂੰ ਮੰਗ-ਪੱਤਰ ਸੌਂਪਦਿਆਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਵਧੇਰੇ ਗਿਣਤੀ ਦਲਿਤ ਸਮਾਜ ਦੇ ਲੋਕਾਂ ਦੀ ਹੈ ਤੇ ਪੂਰਨ ਸਾਖਰਤਾ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਪੱਛੜੇ ਵਰਗਾਂ ਅਤੇ ਗਰੀਬ ਲੋਕਾਂ ਦੇ ਬੱਚਿਆਂ ਦਾ ਪੜ੍ਹਨਾ-ਲਿਖਣਾ ਬੜਾ ਜ਼ਰੂਰੀ ਹੈ, ਜੇ ਸਰਕਾਰ 20 ਜਾਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਨੇੜਲੇ ਸਕੂਲਾਂ 'ਚ ਮਰਜ ਕਰਨ ਦੇ ਨਾਂ 'ਤੇ ਬੰਦ ਕਰਦੀ ਹੈ ਤਾਂ ਦਲਿਤ ਸਮਾਜ ਦੇ ਲੋਕ ਚੁੱਪ ਨਹੀਂ ਬੈਠਣਗੇ, ਸਗੋਂ ਸਰਕਾਰ ਦੇ ਨੱਕ 'ਚ ਦਮ ਕਰ ਦੇਣਗੇ। ਬਸਪਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਵੇ, ਨਹੀਂ ਤਾਂ ਬਸਪਾ ਆਪਣੇ ਸਮਾਜ ਦੇ ਲੋਕਾਂ ਦੇ ਸਹਿਯੋਗ ਨਾਲ ਜ਼ੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।


Related News