ਪਹਿਲਾਂ ਤੋੜੀ ਕਲਾਸ ਰੂਮ ਦੀ ਖਿੜਕੀ ਫਿਰ ਅੱਗ ਬਾਲ ਕੇ ਪੀਤੀ ਸ਼ਰਾਬ

Wednesday, Feb 07, 2018 - 10:58 AM (IST)

ਪਹਿਲਾਂ ਤੋੜੀ ਕਲਾਸ ਰੂਮ ਦੀ ਖਿੜਕੀ ਫਿਰ ਅੱਗ ਬਾਲ ਕੇ ਪੀਤੀ ਸ਼ਰਾਬ


ਗਿੱਦੜਬਾਹਾ (ਕੁਲਭੂਸ਼ਨ) - ਇੱਥੋਂ ਦੇ ਵਾਰਡ ਨੰਬਰ-10 ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-2 ਦੀ ਬ੍ਰਾਂਚ ਨਸ਼ੇੜੀਆਂ ਦਾ ਅੱਡਾ ਬਣਦੀ ਜਾ ਰਹੀ ਹੈ ਅਤੇ ਇਸ ਸਕੂਲ 'ਚ ਪੜ੍ਹਾਉਣ ਵਾਲਾ ਸਟਾਫ ਇਨ੍ਹਾਂ ਨਸ਼ੇੜੀਆਂ ਤੋਂ ਬੇਹੱਦ ਦੁਖੀ ਹਨ। 
ਸਕੂਲ ਅਧਿਆਪਕਾਵਾਂ ਨੇ ਦੱਸਿਆ ਕਿ ਉਕਤ ਸਕੂਲ ਦੀ ਬ੍ਰਾਂਚ, ਜੋ ਇਕ ਧਰਮਸ਼ਾਲਾ ਵਿਚ ਚੱਲ ਰਹੀ ਹੈ, ਉਹ ਕਿਸੇ ਲਿਹਾਜ਼ ਤੋਂ ਸੁਰੱਖਿਅਤ ਨਹੀਂ। ਇੱਥੋਂ ਦੇ ਖਸਤਾਹਾਲ ਕਮਰਿਆਂ ਨੂੰ ਨਸ਼ੇੜੀਆਂ ਨੇ ਰਾਤ ਸਮੇਂ ਆਪਣੀ ਆਰਾਮਗਾਹ ਬਣਾ ਲਿਆ ਅਤੇ ਦਿਨ ਵੇਲੇ ਕਈ ਵਾਰ ਕੋਈ ਨਾ ਕੋਈ ਵਿਅਕਤੀ ਬਿਨਾਂ ਮਨਜ਼ੂਰੀ ਅੰਦਰ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸਕੂਲ ਦੇ ਕਮਰੇ ਦੀ ਇਕ ਖਿੜਕੀ ਨੂੰ ਤੋੜਿਆ ਅਤੇ ਬਾਅਦ 'ਚ ਖਿੜਕੀ ਦੀ ਲੱਕੜ ਨਾਲ ਸਕੂਲ ਵਿਚ ਹੀ ਅੱਗ ਬਾਲ ਲਈ। ਜਿਸ ਤੋਂ ਬਾਅਦ ਇਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਉੱਥੇ ਬੈਠ ਕੇ ਸ਼ਰਾਬ ਪੀਤੀ ਅਤੇ ਸ਼ਰਾਬ ਦੀ ਖਾਲੀ ਬੋਤਲ, ਪਾਣੀ ਦੀ ਬੋਤਲ ਅਤੇ ਡਿਸਪੋਜ਼ੇਬਲ ਗਿਲਾਸ ਉੱਥੇ ਛੱਡ ਕੇ ਚਲੇ ਗਏ। 
ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਕੰਧਾਂ ਨੀਵੀਆਂ ਹਨ ਅਤੇ ਕੋਈ ਕੰਧ ਟੱਪ ਕੇ ਅੰਦਰ ਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਰਿਪੇਅਰ ਕਰਵਾਇਆ ਗਿਆ ਸਕੂਲ ਦਾ ਮੁੱਖ ਗੇਟ ਮੁੜ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਕੂਲ ਨੂੰ ਸੁਰੱਖਿਅਤ ਜਗ੍ਹਾ 'ਤੇ ਸ਼ਿਫਟ ਕੀਤਾ ਜਾਵੇ ਤਾਂ ਜੋ ਉਹ ਬੱਚਿਆਂ ਅਤੇ ਆਪਣੇ-ਆਪ ਨੂੰ ਸੁਰੱਖਿਅਤ ਰੱਖ ਸਕਣ। ਸਕੂਲ ਦੀ ਸੁਰੱਖਿਆ ਤੇ ਸਕੂਲ ਦੀ ਜਗ੍ਹਾ ਬਦਲਣ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ। ਇਸ ਸਬੰਧੀ ਜਦੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰੌਸ਼ਨ ਲਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਦੋ ਵਾਰ ਪੁਲਸ ਨੂੰ ਸਕੂਲ 'ਚ ਨਸ਼ੇੜੀਆਂ ਦੇ ਅੱਡੇ ਬਾਰੇ ਜਾਣਕਾਰੀ ਦਿੱਤੀ ਅਤੇ ਹੁਣ ਵੀ ਸਵੇਰ ਨੂੰ ਉਹ ਪੁਲਸ ਨੂੰ ਸਕੂਲ ਦੀ ਭੰਨ-ਤੋੜ ਅਤੇ ਨਸ਼ੇੜੀਆਂ ਤੋਂ ਬਚਾਅ ਲਈ ਲਿਖਤੀ ਸ਼ਿਕਾਇਤ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਉਹ ਇਕ ਜ਼ਰੂਰੀ ਮੀਟਿੰਗ ਵਿਚ ਸਨ, ਜਿਸ ਕਰ ਕੇ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਨਹੀਂ ਜਾ ਸਕੇ।  


Related News