ਜਨਰਲ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ

Monday, Aug 05, 2019 - 06:40 PM (IST)

ਜਨਰਲ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ ਚਾਹਵਾਨਾਂ ਲਈ ਪ੍ਰੀਖਿਆ ਵਿਚ ਬੈਠਣ ਦੇ ਮੌਕਿਆਂ ਦੀ ਗਿਣਤੀ ਵਧਾਉਣ ਲਈ ਯੂ.ਪੀ.ਐੱਸ.ਸੀ. ਦਾ ਪੈਮਾਨਾ ਅਪਣਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਜਨਰਲ ਕੈਟਾਗਰੀ ਲਈ ਮੌਜੂਦਾ ਚਾਰ ਤੋਂ ਵਧਾ ਕੇ ਛੇ ਮੌਕੇ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਧਾ ਕੇ ਨੌਂ ਮੌਕੇ ਜਦਕਿ ਅਨੁਸੂਚਿਤ ਜਾਤੀਆਂ ਦੀ ਕੈਟਾਗਰੀ ਦੇ ਵਿਦਿਆਰਥੀਆਂ ਲਈ ਅਣਗਿਣਤ ਮੌਕੇ ਕਰਨਾ ਸ਼ਾਮਲ ਹੈ। 
ਕੇਂਦਰੀ ਕਮਿਸ਼ਨ ਦੇ ਨਿਯਮਾਂ ਮੁਤਾਬਕ ਐੱਸ.ਸੀ. ਕੈਟਾਗਰੀ ਲਈ ਉਮਰ ਹੱਦ 42 ਸਾਲ ਹੋਵੇਗੀ ਜਦਕਿ ਜਨਰਲ ਕੈਟਾਗਰੀ ਅਤੇ ਪੱਛੜੀਆਂ ਸ਼੍ਰੇਣੀਆਂ/ਹੋਰ ਪੱਛੜੀਆਂ ਸ਼੍ਰੇਣੀਆਂ ਲਈ ਉਮਰ ਹੱਦ ਕ੍ਰਮਵਾਰ 37 ਸਾਲ ਅਤੇ 40 ਸਾਲ ਹੋਵੇਗੀ। ਇਸ ਦਾ ਐਲਾਨ ਅੱਜ ਇੱਥੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। 

ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਉਠਾਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਤਬਦੀਲੀ ਲਿਆਉਣ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਿਵਲ ਸੇਵਾਵਾਂ (ਸਾਂਝੇ ਮੁਕਾਬਲੇ ਦੀ ਪ੍ਰੀਖਿਆ ਰਾਹੀਂ ਨਿਯੁਕਤੀ) ਨਿਯਮਾਂਵਲੀ, 2009 ਅਨੁਸਾਰ ਪੀ.ਸੀ.ਐਸ. (ਕਾਰਜਕਾਰੀ ਸ਼ਾਖਾ) ਵਿਚ ਸਾਰੀਆਂ ਕੈਟੇਗਰੀਆਂ ਲਈ ਚਾਰ ਮੌਕੇ ਹਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਉਪਰੋਕਤ ਪ੍ਰੀਖਿਆ ਵਿੱਚ ਬੈਠਣ ਲਈ ਸਾਰੀਆਂ ਕੈਟਾਗਰੀਆਂ ਵਾਸਤੇ ਮੌਕਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਸੀ।


Related News