ਨਵੀਂਆਂ ਗਾਈਡਲਾਈਨਜ਼ ਦੇ ਨਾਲ ਪੰਜਾਬ ਸਰਕਾਰ ਵਲੋਂ ਸੂਬੇ ’ਚ ਸਕੂਲ ਖੋਲ੍ਹਣ ਦਾ ਐਲਾਨ

Tuesday, Jul 20, 2021 - 11:17 PM (IST)

ਨਵੀਂਆਂ ਗਾਈਡਲਾਈਨਜ਼ ਦੇ ਨਾਲ ਪੰਜਾਬ ਸਰਕਾਰ ਵਲੋਂ ਸੂਬੇ ’ਚ ਸਕੂਲ ਖੋਲ੍ਹਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਕੋਵਿਡ ਰੀਵਿਊ ਮੀਟਿੰਗ ਤੋਂ ਬਾਅਦ ਅਹਿਮ ਫ਼ੈਸਲਾ ਲੈਂਦੇ ਹੋਏ ਪੰਜਾਬ ਵਿਚ 26 ਜੁਲਾਈ ਤੋਂ 10ਵੀਂ, 11ਵੀਂ ਅਤੇ 12ਵੀਂ ਕਲਾਸਾਂ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਆਖਿਆ ਹੈ ਕਿ ਜੇਕਰ ਸਭ ਠੀਕ ਰਿਹਾ ਤਾਂ 2 ਅਗਸਤ ਤੋਂ ਸਾਰੀਆਂ ਕਲਾਸਾਂ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਅੰਦਰੂਨੀ ਇਕੱਠਾਂ ਲਈ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਧਾ ਕੇ 150 ਵਿਅਕਤੀ ਕਰਨ ਜਦਕਿ ਬਾਹਰੀ ਇਕੱਠਾਂ ਲਈ 300 ਕਰ ਦਿੱਤੀ ਗਈ ਹੈ ਪਰ ਸਮਰੱਥਾ ਦੀ ਉਪਰਲੀ ਹੱਦ 50 ਫ਼ੀਸਦੀ ਤੱਕ ਰੱਖਣ ਦੀ ਸ਼ਰਤ ਹੋਵੇਗੀ।

ਇਹ ਵੀ ਪੜ੍ਹੋ : ਹੁਣ ਮੰਤਰੀ ਮੰਡਲ ਦੇ ਫੇਰਬਦਲ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਕੈਪਟਨ ਵੀ ਆਏ ਹਰਕਤ ’ਚ

ਪੰਜਾਬ ਲਈ ਕੋਵਿਡ ਪਾਜ਼ੇਟਿਵਿਟੀ ਦਰ ਘਟ ਕੇ 0.3 ਫੀਸਦੀ ਤੱਕ ਹੋ ਜਾਣ ਅਤੇ ਮੁੜ ਪੈਦਾ ਹੋਣ ਦੀ ਗਿਣਤੀ 0.75 ਫ਼ੀਸਦੀ ਰਹਿਣ (ਕੌਮੀ ਔਸਤ ਨਾਲੋਂ ਘੱਟ) ਉਤੇ ਗੌਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਦਸਵੀਂ ਤੋਂ ਬਾਰਵੀਂ ਤੱਕ ਕਲਾਸਾਂ ਲਾਉਣ ਦੀ ਇਜਾਜ਼ਤ ਹੋਵੇਗੀ ਪਰ ਸਿਰਫ ਉਹੀ ਅਧਿਆਪਕ ਅਤੇ ਸਟਾਫ ਨੂੰ ਫਿਜ਼ੀਕਲੀ ਹਾਜ਼ਰ ਹੋਣ ਦੀ ਆਗਿਆ ਹੋਵੇਗੀ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੋਵੇ। ਉਨ੍ਹਾਂ ਨੇ ਹੁਕਮ ਦਿੱਤਾ ਕਿ ਇਸ ਸਬੰਧ ਵਿਚ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਤੌਰ ’ਤੇ ਸੂਚਿਤ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਬਾਕੀ ਕਲਾਸਾਂ ਵੀ ਇਸੇ ਤਰ੍ਹਾਂ 2 ਅਗਸਤ, 2021 ਤੋਂ ਖੋਲ੍ਹਣ ਦੀ ਆਗਿਆ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੈਂਬਰਿਜ ਯੂਨੀਵਰਸਿਟੀ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਂਦੇ ਹਫਤਿਆਂ ਵਿਚ ਕੇਸਾਂ ਵਿਚ ਹੋਰ ਕਮੀ ਆਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਐਕਸ਼ਨ ਮੂਡ ’ਚ ਕੈਪਟਨ, ਲਿਆ ਅਹਿਮ ਫ਼ੈਸਲਾ

ਸਮਾਜਿਕ ਇਕੱਠਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਕਲਾਕਾਰਾਂ/ ਗਾਇਕਾਂ ਨੂੰ ਅਜਿਹੇ ਸਮਾਗਮਾਂ/ਮੌਕਿਆਂ ਲਈ ਇਜਾਜ਼ਤ ਹੋਵੇਗੀ ਪਰ ਇਸ ਲਈ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ। ਮੁੱਖ ਮੰਤਰੀ ਵੱਲੋਂ ਬਾਰ, ਸਿਨੇਮਾ ਹਾਲਜ਼, ਰੈਸਟੋਰੈਂਟ, ਸਪਾਜ਼, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲਜ਼, ਮਿਊਜ਼ਮ, ਚਿੜੀਆਘਰ ਆਦਿ ਨੂੰ ਕੋਵਿਡ ਟੀਕਾਕਰਨ ਦੀ ਪਾਲਣਾ ਨੂੰ ਯਕੀਨੀ ਬਣਾ ਕੇ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਦਿੱਤੇ ਗਏ ਹੁਕਮਾਂ ਤੋਂ ਕੁਝ ਦਿਨਾਂ ਬਾਅਦ ਅੱਜ ਇਹ ਰਾਹਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਅਹਿਮ ਕਦਮ, ਅਧਿਆਪਕਾਂ ਲਈ ਕੀਤਾ ਇਹ ਫ਼ੈਸਲਾ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਉਚੇਰੀ ਸਿੱਖਿਆ ਦੇ ਹੋਰ ਸਾਰੀਆਂ ਸੰਸਥਾਵਾਂ ਨੂੰ ਵੀ ਅਜਿਹੀ ਹੀ ਪਾਲਣਾ ਨਾਲ ਖੋਲਣ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਪਾਬੰਦੀਆਂ ਵਿਚ ਹੋਰ ਢਿੱਲ ਦਿੰਦਿਆਂ ਇਨ ਡੋਰ ਪ੍ਰੋਗਰਾਮਾਂ ਦੀ ਗੈਦਰਿੰਗ ਵਧਾ ਕੇ 150 ਜਦਕਿ ਆਊਟ ਡੋਰ ਪ੍ਰੋਗਰਾਮ ਦੀ ਗੈਦਰਿੰਗ ਵਧਾ ਕੇ 300 ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਖਟਕੜ ਕਲਾਂ ਪਹੁੰਚਣ ਤੋਂ ਪਹਿਲਾਂ ਆਪਸ ’ਚ ‘ਫਸੇ’ ਕਾਂਗਰਸੀ

ਨੋਟ - ਪੰਜਾਬ ਸਰਕਾਰ ਵਲੋਂ ਸਕੂਲ ਖੋਲ੍ਹੇ ਜਾਣ ਦੇ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News