ਕੋਵਿਡ-19 ਵਿਰੁੱਧ ਲੜਾਈ ਲੜ ਰਹੇ ਡਾਕਟਰਾਂ ਸਮੇਤ ਹੋਰਾਂ ਮੁਲਾਜ਼ਮਾਂ ਨੂੰ ਵੀ ਮਿਲਣ ਖਾਸ ਸੁਵਿਧਾਵਾਂ : ਢੀਂਡਸਾ

03/26/2020 8:11:43 PM

ਸੰਗਰੂਰ,(ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਦੇਸ਼ ਭਗਤਾਂ ਵਾਂਗ ਜੰਗ ਲੜ ਰਹੇ ਡਾਕਟਰਾਂ, ਨਰਸਾਂ, ਪੈਰਾਂ-ਮੈਡੀਕਲ ਸਟਾਫ਼, ਪੁਲਸ ਮੁਲਾਜ਼ਮਾਂ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਰਿਪੋਰਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਮੁਫ਼ਤ ਸਿਹਤ ਬੀਮਾ ਕੀਤਾ ਜਾਵੇ। ਅੱਜ ਕੇਂਦਰ ਸਰਕਾਰ ਦੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਡੇ ਸੁਝਾਅ ਨੂੰ ਮੰਨਕੇ ਇਹ ਐਲਾਨ ਕੀਤਾ ਗਿਆ ਹੈ ਕਿ ਕਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਤੇ ਸਟਾਫ ਨਰਸਾਂ ਦਾ ਕੇਂਦਰ ਸਰਕਾਰ ਵੱਲੋਂ 50-50 ਲੱਖ ਦਾ ਬੀਮਾ ਕਰਨ ਦਾ ਐਲਾਨ ਕੀਤਾ ਗਿਆ ਹੈ, ਇਸ ਫੈਸਲੇ ਦਾ ਅਸੀਂ ਭਰਵਾਂ ਸਵਾਗਤ ਕਰਦੇ ਹਾਂ ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਡਾਕਟਰਾਂ ਤੇ ਸਟਾਫ ਨਰਸਿਜ਼ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ-ਲੜਨ ਦਾ ਹੋਰ ਵੱਡਾ ਉਤਸ਼ਾਹ ਮਿਲੇਗਾ । ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਬੀਮਾ ਸਕੀਮ ਤੋਂ ਬਾਹਰ ਰਹਿ ਗਏ ਹਨ, ਜਿਵੇਂ ਪੁਲਸ ਮੁਲਾਜ਼ਮ ਤੇ ਪੈਰਾਂ ਮੈਡੀਕਲ ਸਟਾਫ਼ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਬੀਮਾ ਸਕੀਮ 'ਚ ਲਿਆ ਕੇ ਉਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਕੀਤਾ ਜਾਵੇ । ਉਨ੍ਹਾਂ ਹੋਰ ਕਿਹਾ ਕਿ ਜੇਕਰ ਕਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਲੜ ਰਹੇ ਡਾਕਟਰਾਂ, ਸਟਾਫ਼ ਨਰਸਿਜ਼, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆਂ ਵਾਲਿਆਂ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਜੰਗੇ ਸ਼ਹੀਦ ਦਾ ਦਰਜਾ ਦੇ ਕੇ ਉਸ ਦੇ ਪਰਿਵਾਰ ਨੂੰ ਜੰਗੇ-ਏ-ਸ਼ਹੀਦ ਵਾਲੇ ਸਾਰੇ ਲਾਭ ਮਿਲਣੇ ਚਾਹੀਦੇ ਹਨ ।

ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਡਾਕਟਰਾਂ, ਸਟਾਫ਼ ਨਰਸਿਜ਼ ਪੈਰਾ-ਮੈਡੀਕਲ ਸਟਾਫ਼, ਪੁਲਸ ਅਫਸਰਾਂ, ਪੁਲਸ ਜਵਾਨਾਂ, ਆਈ. ਆਰ. ਬੀ. ਤੇ ਪੀ. ਏ. ਪੀ. ਜਵਾਨਾਂ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਸਖ਼ਤ ਲੜੀ ਜਾ ਰਹੀ ਲੜਾਈ 'ਚ ਹੌਂਸਲਾ ਅਫ਼ਜ਼ਾਈ ਕਰਨ ਲਈ ਇਨ੍ਹਾਂ ਮੁਲਾਜ਼ਮਾਂ ਨੂੰ ਤਿੰਨ-ਤਿੰਨ ਸਪੈਸ਼ਲ ਇੰਕਰੀਮੈਟਾਂ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ । ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆਂ ਰਿਪੋਰਟਰਾਂ ਲਈ ਸਪੈਸ਼ਲ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ ।
ਬਿਆਨ ਦੇ ਅਖੀਰ 'ਚ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਰ ਤਰਾਂ ਦੀਆਂ ਕਰਜ਼ਾ ਕਿਸ਼ਤਾਂ ਤਾਂ ਅੱਗੇ ਪਾ ਦਿੱਤੀਆਂ ਹਨ ਪਰ ਉਨ੍ਹਾਂ ਦਾ ਵਿਆਜ਼ ਦੇਣਾ ਪਵੇਗਾ, ਉਹ ਵਿਆਜ਼ ਹਰ ਹਾਲਤ ਵਿੱਚ ਮਾਫ਼ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਅੱਜ ਦੀ ਸੰਕਟਮਈ ਸਥਿਤੀ 'ਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਰੇਹੜੀ ਵਾਲਿਆਂ, ਰਿਕਸ਼ੇ ਵਾਲਿਆਂ, ਦਿਹਾੜੀਦਾਰ ਕਾਮਿਆਂ, ਆਟੋ ਰਿਕਸ਼ੇ ਵਾਲੇ, ਗਰੀਬ ਕਿਸਾਨਾਂ ਤੇ ਘਰਾਂ 'ਚ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੀਆਂ ਬੀਬੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਤਿੰਨ ਡੰਗ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਪੰਜਾਬ ਪੁਲਸ ਨੂੰ ਵੀ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਡਿਊਟੀ ਦੇ ਨਾਲ-ਨਾਲ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ, ਡਾਂਗ ਤੋਂ ਕੰਮ ਲੈਣ ਦੀ ਬਜਾਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਵੀ ਕੀਤੇ ਜਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕਰਫਿਊ ਦੀ ਉਲੰਘਣਾ ਨਾ ਕਰਨ ਕਰਫਿਊ ਤੁਹਾਡੇ ਤੇ ਤੁਹਾਡੇ ਪ੍ਰਰਿਵਾਰਾਂ ਦੇ ਭਲੇ ਲਈ ਹੀ ਲਗਾਇਆ ਗਿਆ ਹੈ ।


Deepak Kumar

Content Editor

Related News