ਬੈਂਸ ਨੇ ਨਸ਼ਾ ਛੁਡਾਊ ਕੇਂਦਰ ਦੇ ਘਪਲੇ ਦਾ ਮਾਮਲਾ ਪੰਜਾਬ ਸਰਕਾਰ ਕੋਲ ਪਹੁੰਚਾਇਆ
Sunday, Aug 13, 2017 - 02:51 PM (IST)
ਸਮਰਾਲਾ (ਬੰਗੜ, ਗਰਗ)-ਸਿਵਲ ਹਸਪਤਾਲ ਸਮਰਾਲਾ ਵਿਖੇ ਚਲਦੇ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੁਡਾਉਣ ਦੀਆਂ ਦਵਾਈਆਂ ਦੀ ਸਮੱਗਲਿੰਗ ਦਾ ਮਾਮਲਾ ਜੱਗ ਜ਼ਾਹਿਰ ਕਰਨ ਵਾਲੇ ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਨਸ਼ਾ ਛੁਡਾਊ ਕੇਂਦਰ ਵਿਚ ਹੋ ਰਹੀ ਧਾਂਦਲੀ ਤੇ ਦਵਾਈਆਂ ਦੇ ਘਪਲੇ ਦਾ ਮਾਮਲਾ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ ਦੇ ਧਿਆਨ ਵਿਚ ਲਿਆ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣਗੇ ਤੇ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਕਾਰਵਾਈ ਕਰਨਗੇ।
ਬੈਂਸ ਨੇ ਮੁੜ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਕਥਿਤ ਦੋਸ਼ੀ ਡਾਕਟਰ ਦੇ ਵਿਰੁੱਧ ਕਾਰਵਾਈ ਕਰਵਾਉਣਗੇ, ਚਾਹੇ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਮੁੱਦਾ ਚੁੱਕਣਾ ਪਵੇ ਜਾਂ ਉਥੇ ਧਰਨਾ ਲਾਉਣਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿਹਤ ਮੰਤਰੀ ਦੇ ਦਫਤਰ ਜਾ ਕੇ ਸਭ ਤੋਂ ਪਹਿਲਾਂ ਸਬੰਧਤ ਡਾਕਟਰ ਸੁਧਾ ਵਾਸੂਦੇਵ ਖਿਲਾਫ 2014 ਵਿਚ ਥਾਣਾ ਮੁੱਲਾਂਪੁਰ ਵਿਖੇ ਸਰਕਾਰੀ ਦਵਾਈਆਂ ਦੀ ਸਮੱਗਲਿੰਗ ਦੇ ਦੋਸ਼ ਹੇਠ ਦਰਜ ਹੋਏ ਮੁਕੱਦਮੇ ਦੀ ਕਾਰਵਾਈ ਨੂੰ ਅੱਗੇ ਤੋਰਨਗੇ। ਇਸ ਲਈ ਸਿਹਤ ਵਿਭਾਗ ਵਲੋਂ ਤਿੰਨ ਸਾਲਾਂ ਵਿਚ ਚਲਾਨ ਜਾਰੀ ਕਰਨ ਦੀ ਜੋ ਇਜਾਜ਼ਤ ਨਹੀਂ ਦਿੱਤੀ ਗਈ, ਉਸਨੂੰ ਮਨਜ਼ੂਰੀ ਦਿਵਾ ਕੇ ਅਦਾਲਤੀ ਕਾਰਵਾਈ ਨੂੰ ਅੱਗੇ ਤੋਰਿਆ ਜਾਵੇਗਾ, ਤਾਂ ਜੋ ਅਜਿਹੇ ਦੋਸ਼ੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਦਾ ਰਾਹ ਪੱਧਰਾ ਹੋ ਸਕੇ।
