‘ਲੁਧਿਆਣਾ ਤੇ SBS ਨਗਰ ’ਚ ਕੋਰੋਨਾ ਟੀਕੇ ਦੇ ਡ੍ਰਾਈ ਰਨ ਦਾ ਪਹਿਲਾ ਪੜਾਅ ਸਫਲਤਾਪੂਰਵਕ’

Monday, Dec 28, 2020 - 10:39 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਰੋਨਾ ਟੀਕੇ ਦੀ ਵੰਡ ਤੋਂ ਪਹਿਲਾਂ ਅੱਜ ਦੋ ਜ਼ਿਲਿ੍ਹਆਂ ਲੁਧਿਆਣਾ ਅਤੇ ਐਸ. ਬੀ. ਐਸ. ਨਗਰ ’ਚ 12 ਥਾਵਾਂ ’ਤੇ ਕੋਰੋਨਾ ਟੀਕੇ ਦੇ ਡ੍ਰਾਈ ਰਨ ਦਾ ਪਹਿਲਾ ਪੜਾਅ ਸਫ਼ਲਤਾਪੂਰਵਕ ਮੁਕੰਮਲ ਕੀਤਾ ਗਿਆ। ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ’ਚੋਂ 25 ਲਾਭਪਾਤਰੀਆਂ ਦੀ ਤਰਜੀਹ ਦੇ ਅਧਾਰ ’ਤੇ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਲੋੜ ਦੇ ਵੇਰਵੇ ਭਾਰਤ ਸਰਕਾਰ ਵਲੋਂ ਡ੍ਰਾਈ ਰਨ ਲਈ ਬਣਾਏ ਗਏ ਪੋਰਟਲ ’ਤੇ ਅਪਲੋਡ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ’ਤੇ ਅਪਲੋਡ ਸੈਸ਼ਨ ਸਾਈਟਾਂ, ਟੀਕੇ ਦੀ ਵੰਡ ਸਬੰਧੀ ਕੋਲਡ ਚੇਨ ਪੁਆਇੰਟਸ ਨਾਲ ਜੁੜੀਆਂ ਹੋਈਆਂ ਹਨ।

ਟੀਕਾਕਰਨ ਪ੍ਰੋਗਰਾਮ ਲਈ ਨਿਯੁਕਤ ਕੀਤੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਟੀਕਾਕਰਨ ਅਧਿਕਾਰੀ ਅਤੇ 4 ਹੋਰ ਟੀਮ ਮੈਂਬਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਪ੍ਰਕਿਰਿਆ ਲਈ ਤਿਆਰ ਕੀਤੇ ਗਏ ਮਾਈਕਰੋ- ਪਲਾਨ ਅਨੁਸਾਰ ਟੀਕਾਕਰਨ ਵਾਲੀਆਂ ਟੀਮਾਂ ਨੂੰ ਸਾਰੀਆਂ 12 ਥਾਵਾਂ ’ਤੇ ਟੀਕਾਕਰਨ ਵਾਲੀ ਥਾਂ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਡ੍ਰਾਈ ਰਨ ਦੇ ਪਹਿਲੇ ਪੜਾਅ ਦਾ ਜਾਇਜ਼ਾ ਲੈਣ ਲਈ ਸੁਪਰਵਾਈਜ਼ਰਾਂ ਦੀ ਟੀਮ ਵੀ ਨਿਯੁਕਤ ਕੀਤੀ ਗਈ ਹੈ ਤਾਂ ਜੋ ਐਸ.ਓ.ਪੀਜ਼ ਅਨੁਸਾਰ ਸਾਰੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਲਾਭਪਾਤਰੀਆਂ ਲਈ ਟੀਕਾਕਰਨ ਵਾਲੀਆਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਟੀਕਾਕਰਨ ਦੀ ਮਿਤੀ, ਸਮੇਂ ਅਤੇ ਸਥਾਨ ਅਤੇ ਪਛਾਣ ਕੀਤੇ ਤੇ ਟੀਕਾਕਰਨ ਵਾਲੀਆਂ ਥਾਵਾਂ ਨਾਲ ਜੁੜੇ ਏ.ਈ.ਐਫ.ਆਈ. ਮੈਨੇਜਮੈਂਟ ਸੈਂਟਰਾਂ ਬਾਰੇ ਜਾਣਕਾਰੀ ਦੇਣ ਲਈ ਐਸ.ਐਮ.ਐਸ. ਭੇਜਿਆ ਗਿਆ। ਸ. ਸਿੱਧੂ ਨੇ ਕਿਹਾ ਕਿ 29 ਦਸੰਬਰ ਨੂੰ ਲਾਭਪਾਤਰੀਆਂ ਦੀਆਂ ਸੂਚੀਆਂ ਪਿ੍ਰੰਟ ਕਰਕੇੇ ਟੀਕਾਕਰਨ ਟੀਮਾਂ ਨੂੰ ਦਿੱਤੀਆਂ ਜਾਣਗੀਆਂ। ਲਾਭਪਾਤਰੀ ਨਿਰਧਾਰਤ ਥਾਂ ’ਤੇ ਪਹੁੰਚਣਗੇ ਅਤੇ ਪੋਰਟਲ ’ਤੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਉਹ ਪ੍ਰਕਿਰਿਆ ਦੀ ਪਾਲਣਾ ਕਰਨਗੇ ਅਤੇ 30 ਮਿੰਟ ਤੱਕ ਇੰਤਜ਼ਾਰ ਕਰਨਗੇ। ਉਨ੍ਹਾਂ ਕਿਹਾ ਕਿ ਬਾਇਓਮੈਡੀਕਲ ਕੂੜੇ ਦੇ ਪ੍ਰਬੰਧਨ ਦੀ ਵਿਵਸਥਾ ਵੀ ਕੀਤੀ ਗਈ ਹੈ। 104 ਹੈਲਪਲਾਈਨ ’ਤੇ ਕਾਲ ਕਰਕੇ ਜਾਂਚ ਕੀਤੀ ਗਈ ਅਤੇ ਹੈਲਪਲਾਈਨ ਆਪਰੇਟਰਾਂ ਦੁਆਰਾ ਸਾਰੇ ਲਾਭਪਾਤਰੀਆਂ ਨੂੰ ਸਹੀ ਜਾਣਕਾਰੀ ਦਿੱਤੀ ਗਈ।         


 


Deepak Kumar

Content Editor

Related News