ਆਸਟ੍ਰੇਲੀਆ ਸਰਕਾਰ ਨੇ ਦਿੱਲੀ ਕਮੇਟੀ ਨੂੰ 125 ਬੈੱਡਾਂ ਦੇ ਹਸਪਤਾਲ ਲਈ 3 ਲੱਖ ਡਾਲਰ ਭੇਟਾ ਭੇਜੀ
Saturday, Jul 17, 2021 - 11:54 AM (IST)
ਜਲੰਧਰ (ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਸਥਾਪਿਤ ਕੀਤੇ ਜਾ ਰਹੇ 125 ਬੈੱਡਾਂ ਦੇ ਹਸਪਤਾਲ ਵਾਸਤੇ ਫਰਾਂਸ ਸਰਕਾਰ ਵੱਲੋਂ ਆਕਸੀਜ਼ਨ ਪਲਾਂਟ ਭੇਜਣ ਤੋਂ ਬਾਅਦ ਹੁਣ ਆਸਟ੍ਰੇਲੀਆ ਸਰਕਾਰ ਨੇ 3 ਲੱਖ ਡਾਲਰ ਦੀ ਰਾਸ਼ੀ ਦਿੱਲੀ ਗੁਰਦੁਆਰਾ ਕਮੇਟੀ ਨੁੰ ਭੇਜੀ ਹੈ। ਇਸ ਦੌਰਾਨ ਹੀ ਸੋਨੀ ਪਿਕਚਰਜ਼ ਇੰਡੀਆ ਨੇ ਵੀ ਹਸਪਤਾਲ ਵਿਚ ਸੀ. ਟੀ. ਸਕੈਨ ਮਸ਼ੀਨ ਸਥਾਪਿਤ ਕਰਨ ਲਈ 1 ਕਰੋੜ 11 ਲੱਖ ਰੁਪਏ ਦੀ ਰਾਸ਼ੀ ਭੇਜੀ ਹੈ।
ਇਹ ਵੀ ਪੜ੍ਹੋ: ਜਲੰਧਰ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ, ਯੂਕ੍ਰੇਨ ਵਿਖੇ ਨਦੀ 'ਚ ਡੁੱਬਣ ਨਾਲ ਹੋਈ ਮੌਤ
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਆਸਟ੍ਰੇਲੀਆ ਸਰਕਾਰ ਨੇ 3 ਲੱਖ ਆਸਟ੍ਰੇਲੀਅਨ ਡਾਲਰ ਦੀ ਰਾਸ਼ੀ ਹਸਪਤਾਲ ਦੀ ਸਥਾਪਨਾ ਵਿਚ ਸਹਿਯੋਗ ਵਜੋਂ ਭੇਜੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਨੂੰ ਵੇਖਦਿਆਂ ਹੁਣ ਦੇਸ਼ ਦੀ ਰਾਜਧਾਨੀ ਦੀਆਂ ਸੰਗਤਾਂ ਅਤੇ ਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਹੱਥ ਅੱਗੇ ਵਧਾਏ ਹਨ। ਉਨ੍ਹਾਂ ਨੇ ਪਰਥ ਦੇ ਪ੍ਰੀਮੀਅਰ ਮਾਰਕ ਮੈਕਗੋਵਾਨ, ਮੰਤਰੀ ਟੋਨੀ ਬੂਟੀ ਅਤੇ ਸਿੱਖ ਐਸੋਸੀਏਸ਼ਨ, ਗੁਰਦੁਆਰਾ ਸਾਹਿਬ ਕਨਿੰਗ ਵੇਲ ਦੇ ਪ੍ਰਧਾਨ ਦੇਵਰਾਜ ਸਿੰਘ ਤੇ ਆਸਟ੍ਰੇਲੀਆ ਦੀ ਸਮੁੱਚੀ ਸਿੱਖ ਸੰਗਤ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਕੁਝ ਮੰਤਰੀਆਂ ਨੇ ਬਣਾਈ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ
ਦੋਹਾਂ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ 125 ਬੈੱਡਾਂ ਦੇ ਹਸਪਤਾਲ ’ਚ ਫਿਲਿਸਪ ਸੀਟੀ ਸਕੈਨ ਮਸ਼ੀਨ ਸਥਾਪਿਤ ਕਰਨ ਵਾਸਤੇ ਸੋਨੀ ਪਿਕਚਰਜ਼ ਇੰਡੀਆ ਦੇ ਐੱਨ. ਪੀ. ਸਿੰਘ ਵੱਲੋਂ 1 ਕਰੋੜ 11 ਲੱਖ ਰੁਪਏ ਦੀ ਰਾਸ਼ੀ ਭੇਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸੋਨੀ ਪਿਕਚਰਜ਼ ਇੰਡੀਆ ਅਤੇ ਸ੍ਰੀ ਐੱਨ. ਪੀ. ਸਿੰਘ ਦੇ ਧੰਨਵਾਦੀ ਹਨ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ