ਜਦੋਂ ਸਿਵਲ ਹਸਪਤਾਲ ਦੇ ਡਾਕਟਰ ਨੂੰ ਹੀ ਰਾਸ ਨਾ ਆਈ ਸਰਕਾਰੀ ਮਸ਼ੀਨਰੀ...

Wednesday, Jun 27, 2018 - 12:38 PM (IST)

ਜਦੋਂ ਸਿਵਲ ਹਸਪਤਾਲ ਦੇ ਡਾਕਟਰ ਨੂੰ ਹੀ ਰਾਸ ਨਾ ਆਈ ਸਰਕਾਰੀ ਮਸ਼ੀਨਰੀ...

ਖਮਾਣੋਂ (ਸੰਜੀਵ) : ਸਥਾਨਕ ਸਿਵਲ ਹਸਪਤਾਲ ਕੁਝ ਸਾਲਾਂ ਤੋਂ ਡਾਕਟਰਾਂ ਤੇ ਹੋਰ ਸਹੂਲਤਾਂ ਪੱਖੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਦਿਨੀਂ ਸਿਵਲ ਹਸਪਤਾਲ ਖਮਾਣੋਂ ਦੇ ਡਾ. ਨਵਚੇਤਨ ਸਿੰਘ ਬਾਜਵਾ ਨਾਲ ਇਕ ਅਜਿਹੀ ਘਟਨਾ ਵਾਪਰੀ, ਜਦੋਂ ਉਸ ਨੂੰ ਡਿਊਟੀ ਸਮੇਂ ਹੀ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਹੋਣ 'ਤੇ ਇਲਾਜ ਸਿਵਲ ਹਸਪਤਾਲ 'ਚ ਨਾ ਹੋਣ ਕਾਰਨ ਡਾ. ਬਾਜਵਾ ਨੂੰ 108 ਐਂਬੂਲੈਂਸ ਰਾਹੀਂ ਚੰਡੀਗੜ੍ਹ ਲੈ ਕੇ ਜਾਣ ਲਈ ਕਿਹਾ ਪਰ ਐਂਬੂਲੈਂਸ ਦੇ ਡਰਾਈਵਰ ਅਜਾਇਬ ਸਿੰਘ ਨੇ 108 ਐਂਬੂਲੈਂਸ ਦੇ ਉੱਚ ਅਧਿਕਾਰੀ ਨੂੰ ਫ਼ੋਨ ਕੀਤਾ ਤਾਂ 10 ਮਿੰਟ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ, ਜਿਸ ਕਾਰਨ ਐਂਬੂਲੈਂਸ ਦਾ ਡਰਾਈਵਰ ਡਾਕਟਰ ਬਾਜਵਾ ਨੂੰ ਚੰਡੀਗੜ੍ਹ ਨਾ ਲਿਜਾ ਸਕਿਆ। 
ਸਥਾਨਕ ਸਿਵਲ ਹਸਪਤਾਲ 'ਚ ਇਕ ਮਰੀਜ਼ ਨੂੰ ਲੈ ਕੇ ਆਏ ਇਕ ਵਿਅਕਤੀ ਨੇ ਆਪਣੀ ਕਾਰ ਰਾਹੀਂ ਡਾ. ਬਾਜਵਾ ਨੂੰ ਚੰਡੀਗੜ੍ਹ ਵਿਖੇ ਜਾ ਕੇ ਦਾਖਲ ਕਰਵਾਇਆ। ਜਦੋਂ ਸਿਵਲ ਹਸਪਤਾਲ ਦੀ ਐਂਬੂਲੈਂਸ ਆਪਣੇ ਹਸਪਤਾਲ ਦੇ ਡਾਕਟਰ ਦੇ ਹੀ ਐਮਰਜੈਂਸੀ ਮੌਕੇ ਕੰਮ ਨਾ ਆ ਸਕੀ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ? ਮੈਡੀਕਲ ਸਹੂਲਤਾਂ ਨਾ ਹੋਣ ਕਾਰਨ ਗਰੀਬ ਮਰੀਜ਼ ਤਾਂ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ 'ਚ ਜਾ ਪਏਗਾ। ਜਦੋਂ ਇਸ ਸਬੰਧੀ 108 ਐਂਬੂਲੈਂਸ ਦੇ ਡਰਾਈਵਰ ਅਜਾਇਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਤਕ ਸਾਨੂੰ ਉੱਚ ਅਧਿਕਾਰੀ ਵਲੋਂ ਕਿਸੇ ਵੀ ਥਾਂ 'ਤੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਅਸੀਂ ਐਂਬੂਲੈਂਸ ਨਹੀਂ ਲਿਜਾ ਸਕਦੇ।
 


Related News