ਪੰਜਾਬ ਭਰ ’ਚ ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹੋਏ ਪਰੇਸ਼ਾਨ

Friday, Jun 25, 2021 - 03:10 PM (IST)

ਪੰਜਾਬ ਭਰ ’ਚ ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹੋਏ ਪਰੇਸ਼ਾਨ

ਸਮਰਾਲਾ (ਗਰਗ) : ਪੰਜਾਬ ਸਰਕਾਰ ਵੱਲੋਂ 6ਵੇਂ ਪੇਅ-ਕਮਿਸ਼ਨ ਦੌਰਾਨ ਨਾਨ ਮੈਡੀਕਲ ਪ੍ਰੈਕਟਿਸ ਅਲਾਊਂਸ (ਐੱਨ. ਪੀ. ਏ.) ਵਿੱਚ ਕੀਤੀ ਗਈ ਕਟੌਤੀ ਦੇ ਵਿਰੋਧ ਵਿੱਚ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀ. ਸੀ. ਐਮ. ਐਸ. ਐਸੋਸੀਏਸ਼ਨ ਦੇ ਸੱਦੇ ’ਤੇ ਸੂਬੇ ਭਰ ਵਿੱਚ ਇਕ ਦਿਨ ਦੀ ਹੜਤਾਲ ਕੀਤੀ ਗਈ। ਇਸ ਦੌਰਾਨ ਡਾਕਟਰਾਂ ਨੇ ਸੂਬੇ ਦੇ ਸਮੂਹ ਹਸਪਤਾਲਾਂ ਅੰਦਰ ਮਰੀਜ਼ਾਂ ਦੀ ਓ. ਪੀ. ਡੀ. ਸਮੇਤ ਹੋਰ ਸਿਹਤ ਸਹੂਲਤਾਂ ਠੱਪ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤੇ।

ਇਹ ਪ੍ਰਦਸ਼ਨਕਾਰੀ ਡਾਕਟਰ ਮੰਗ ਕਰ ਰਹੇ ਹਨ ਕਿ 1962 ਤੋਂ ਹੀ ਚੱਲਦੇ ਆ ਰਹੇ 25 ਫ਼ੀਸਦੀ ਨਾਨ ਮੈਡੀਕਲ ਪ੍ਰੈਕਟਿਸ ਅਲਾਊਂਸ ਨੂੰ ਘਟਾ ਕੇ 20 ਫ਼ੀਸਦੀ ਕਰਨ ਦਾ ਜਿਹੜਾ ਫ਼ੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ, ਉਸ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਦੌਰਾਨ ਸਮਰਾਲਾ ਦੇ ਸਿਵਲ ਹਸਪਤਾਲ ਦੀ ਅਮਰਜੈਂਸੀ ਬਾਹਰ ਵੀ ਹੜਤਾਲੀ ਡਾਕਟਰਾਂ ਨੇ ਭਾਰੀ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਐੱਨ. ਪੀ. ਏ. ਵਿੱਚ ਕਟੌਤੀ ਦੇ ਫ਼ੈਸਲੇ ਨਾਲ ਕੋਰੋਨਾ ਮਹਾਮਾਰੀ ਖਿਲਾਫ਼ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲੜ ਰਹੇ ਡਾਕਟਰਾਂ ਦਾ ਮਨੋਬਲ ਟੁੱਟਿਆ ਹੈ।

ਇਸ ਮੌਕੇ ਹਾਜ਼ਰ ਡਾ. ਲਖਵਿੰਦਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਸੁਖਵਿੰਦਰ ਕੌਰ, ਡਾ. ਪ੍ਰਭਜੋਤ ਸਿੰਘ, ਡਾ. ਪਲਵੀ ਮੈਨਨ, ਡਾ. ਸੰਚਾਰੀ ਸਾਹਾ, ਡਾ. ਕਰਨਵੀਰ ਸਿੰਘ, ਡਾ. ਓਸ਼ੋ ਬਲੱਗਣ, ਡਾ.ਨਵਦੀਪ ਸਿੰਘ ਅਤੇ ਡਾ. ਨਵਜੋਤ ਕੌਰ ਨੇ ਕਿਹਾ ਕਿ ਸਰਕਾਰ ਦਾ 6ਵਾਂ ਪੇਅ-ਕਮਿਸ਼ਨ ਉਨ੍ਹਾਂ ਨਾਲ ਵੱਡਾ ਧੋਖਾ ਹੈ, ਕਿਉਂਕਿ ਪਹਿਲਾਂ 25 ਫ਼ੀਸਦੀ ਐੱਨ. ਪੀ. ਏ. ਨੂੰ ਮੁੱਢਲੀ ਤਨਖਾਹ ਵਿੱਚ ਜੋੜ ਕੇ ਬਾਕੀ ਭੱਤੇ ਦਿੱਤੇ ਜਾਂਦੇ ਸਨ ਪਰ ਹੁਣ ਇਕ ਤਾਂ ਐੱਨ. ਪੀ. ਏ. ਵਿੱਚ ਕਟੌਤੀ ਕਰ ਦਿੱਤੀ ਗਈ ਹੈ, ਦੂਜਾ ਇਸ ਐੱਨ. ਪੀ. ਏ. ਨੂੰ ਮੁੱਢਲੀ ਤਨਖਾਹ ਵਿੱਚ ਜੋੜੇ ਬਿਨਾਂ ਹੋਰ ਭੱਤੇ ਤੈਅ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ, ਜਿਹੜਾ ਕਿ ਸਰਕਾਰੀ ਡਾਕਟਰਾਂ ਨਾਲ ਸਰਾਸਰ ਧੱਕਾ ਹੈ।


author

Babita

Content Editor

Related News