ਕੰਮ ਦਾ ਬੋਝ ਨਾ ਸਹਾਰ ਸਕਿਆ ਸਰਕਾਰੀ ਕਲਰਕ, ਚੁੱਕਿਆ ਖ਼ੌਫ਼ਨਾਕ ਕਦਮ

Saturday, Feb 25, 2023 - 12:11 AM (IST)

ਕੰਮ ਦਾ ਬੋਝ ਨਾ ਸਹਾਰ ਸਕਿਆ ਸਰਕਾਰੀ ਕਲਰਕ, ਚੁੱਕਿਆ ਖ਼ੌਫ਼ਨਾਕ ਕਦਮ

ਫਿਲੌਰ (ਭਾਖੜੀ) : ਸਰਕਾਰੀ ਦਫਤਰਾਂ ’ਚ ਸਟਾਫ ਦੀ ਕਮੀ ਅਤੇ ਕੰਮ ਦਾ ਵਧਦਾ ਬੋਝ ਨਾ ਸਹਿੰਦੇ ਹੋਏ ਬੀ. ਡੀ. ਪੀ. ਓ. ਦਫ਼ਤਰ ’ਚ ਤਾਇਨਾਤ ਕਲਰਕ ਅਰਸ਼ਦੀਪ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਇਕ ਹਫ਼ਤੇ ਤੋਂ ਲਾਪਤਾ ਸੀ। ਮ੍ਰਿਤਕ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ ਘਰ ਮਹੀਨਾ ਪਹਿਲਾਂ ਹੀ ਬੇਟੇ ਨੇ ਜਨਮ ਲਿਆ ਸੀ। ਇਕ ਪਾਸੇ ਤਾਂ ਸੂਬਾ ਸਰਕਾਰ ਸਰਕਾਰੀ ਦਫ਼ਤਰਾਂ ’ਚ ਨਵੀਆਂ ਭਰਤੀਆਂ ਕਰਨ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਸੂਬੇ ਦੇ ਜ਼ਿਆਦਾਤਰ ਸਰਕਾਰੀ ਦਫ਼ਤਰ ਚਾਹੇ ਉਹ ਸਕੂਲ ਹੋਣ, ਹਸਪਤਾਲ ਜਾਂ ਪੁਲਸ ਥਾਣੇ, ਉੱਥੇ ਬੈਠੇ ਅਧਿਕਾਰੀ ਇਕ ਹੀ ਗੱਲ ਕਹਿ ਰਹੇ ਹਨ, ਉਨ੍ਹਾਂ ਕੋਲ ਸਟਾਫ ਦੀ ਭਾਰੀ ਕਮੀ ਹੈ, ਜਿਸ ਕਾਰਨ ਕੰਮ ਦਾ ਬੋਝ ਦੂਜੇ ਅਧਿਕਾਰੀਆਂ ’ਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ : 2.7 ਬਿਲੀਅਨ ਡਾਲਰ ਦਾ ਭੁਗਤਾਨ ਕਰਕੇ IPL ਮੁਫ਼ਤ ਦਿਖਾਉਣਗੇ ਮੁਕੇਸ਼ ਅੰਬਾਨੀ

ਪਿਛਲੇ ਇਕ ਹਫ਼ਤੇ ਤੋਂ ਲਾਪਤਾ ਸਥਾਨਕ ਬੀ. ਡੀ. ਪੀ. ਓ. ਦਫ਼ਤਰ ’ਚ ਤਾਇਨਾਤ ਕਲਰਕ ਅਰਸ਼ਦੀਪ ਸਿੰਘ (31) ਦੀ ਹਰਿਆਣਾ ਦੇ ਸ਼ਹਿਰ ਅੰਬਾਲਾ ਦੀ ਨਹਿਰ ’ਚ ਤਰਦੀ ਹੋਈ ਲਾਸ਼ ਮਿਲੀ। ਅਰਸ਼ਦੀਪ ਇਕ ਹਫ਼ਤਾ ਪਹਿਲਾਂ ਆਪਣੇ ਘਰੋਂ ਸਰਕਾਰੀ ਦਫ਼ਤਰ ’ਚ ਡਿਊਟੀ ਦੇਣ ਗਿਆ ਸੀ, ਜੋ ਉੱਥੇ ਹਾਜ਼ਰੀ ਲਗਵਾਉਣ ਤੋਂ ਬਾਅਦ ਆਪਣਾ ਮੋਟਰਸਾਈਕਲ ਛੱਡ ਕੇ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਸ਼ਹਿਰ ’ਚ ਲਿਆ ਕੇ ਉਸ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਤੇ ਸਾਜਿਸ਼ ਰਚਣ ਵਾਲਿਆਂ ਦੇ ਚਿਹਰੇ ਹੇਏ ਬੇਨਕਾਬ : CM ਮਾਨ

ਮ੍ਰਿਤਕ ਅਰਸ਼ਦੀਪ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਹੁਤ ਹੀ ਨੇਕ ਦਿਲ ਇਨਸਾਨ ਸੀ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਹੀ ਪਰਿਵਾਰ ਨੂੰ ਚਲਾ ਰਿਹਾ ਸੀ। ਉਹ ਹਰ ਵਾਰ ਇਕ ਹੀ ਗੱਲ ਕਹਿੰਦਾ ਸੀ ਕਿ ਉਸ ’ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਘਰੋਂ ਉਹ ਰੋਜ਼ਾਨਾ 10 ਵਜੇ ਤੋਂ ਪਹਿਲਾਂ ਕੰਮ ’ਤੇ ਚਲਾ ਜਾਂਦਾ ਸੀ। ਸ਼ਾਮ 5 ਵਜੇ ਛੁੱਟੀ ਹੋਣ ਤੋਂ ਬਾਅਦ ਵੀ ਉਹ 8 ਵਜੇ ਤੱਕ ਦਫ਼ਤਰ ਬੈਠਾ ਕੰਮ ਕਰਦਾ ਰਹਿੰਦਾ ਸੀ। ਇੱਥੇ ਹੀ ਬਸ ਨਹੀਂ, ਪਹਿਲਾਂ ਹੀ ਇੱਥੇ ਕੰਮ ਦੇ ਜ਼ਿਆਦਾ ਬੋਝ ਹੇਠ ਦੱਬੇ ਉਨ੍ਹਾਂ ਦੇ ਬੇਟੇ ਨੂੰ ਹਫ਼ਤੇ ’ਚ 2 ਦਿਨ ਨਕੋਦਰ ਦਫ਼ਤਰ ਵੀ ਡਿਊਟੀ ਲਈ ਭੇਜ ਦਿੱਤਾ ਜਾਂਦਾ ਸੀ। ਉਹ ਜ਼ਿਆਦਾ ਕੰਮ ਕਰ ਕੇ ਇੰਨਾ ਥੱਕ ਚੁੱਕਾ ਸੀ ਕਿ ਡਿਪ੍ਰੈਸ਼ਨ ’ਚ ਜਾਣ ਲੱਗ ਪਿਆ, ਜਿਸ ਨੂੰ 2 ਹਫ਼ਤੇ ਪਹਿਲਾਂ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਲਈ ਦਾਖ਼ਲ ਵੀ ਕਰਵਾਇਆ ਗਿਆ। 

20 ਤੋਂ ਜ਼ਿਆਦਾ ਪੋਸਟਾਂ ਖਾਲੀ ਹਨ ਬੀ. ਡੀ. ਪੀ. ਓ. ਦਫਤਰ ’ਚ

ਉਕਤ ਪੱਤਰਕਾਰ ਨੇ ਜਦੋਂ ਮ੍ਰਿਤਕ ਕਲਰਕ ਅਰਸ਼ਦੀਪ ਦੇ ਦਫਤਰ ਪੁੱਜ ਕੇ ਉੱਥੇ ਬੈਠੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੇ ਇੱਥੇ ਸਟਾਫ ਦੀ ਬੇਹੱਦ ਕਮੀ ਚੱਲ ਰਹੀ ਹੈ। ਉਨ੍ਹਾਂ ਦੇ ਦਫਤਰ ’ਚ ਇਕ-ਦੋ ਨਹੀਂ, ਸਗੋਂ ਕਈ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਦਾ ਕੰਮ ਜੋ ਸਟਾਫ ਉੱਥੇ ਤਾਇਨਾਤ ਹੈ, ਮਿਲ-ਜੁਲ ਕੇ ਕਰ ਰਿਹਾ ਹੈ। ਜੇਕਰ ਅਰਸ਼ਦੀਪ ਨੂੰ ਲੱਗ ਰਿਹਾ ਸੀ, ਉਸ ’ਤੇ ਕੰਮ ਦਾ ਜ਼ਿਆਦਾ ਬੋਝ ਹੈ ਤਾਂ ਉਹ ਅਧਿਕਾਰੀਆਂ ਨਾਲ ਗੱਲ ਕਰਦਾ, ਕੋਈ ਨਾ ਕੋਈ ਰਸਤਾ ਨਿਕਲ ਆਉਣਾ ਸੀ।

ਇਹ ਵੀ ਪੜ੍ਹੋ : ਲੋਕਾਂ ਦੀਆਂ ਭਾਵਨਾਵਾਂ ਦੀ ਰਾਖੀ ਕਰਨਾ ਸਾਡਾ ਫਰਜ਼, ਅਜਨਾਲਾ ਵਿਖੇ ਹੋਏ ਹਿੰਸਕ ਪ੍ਰਦਰਸ਼ਨ 'ਤੇ ਬੋਲੇ ਮੰਤਰੀ ਧਾਲੀਵਾਲ

ਜੋ ਪੋਸਟਾਂ ਖਾਲੀ ਹਨ, ਉਨ੍ਹਾਂ ’ਚ ਸਮਿਤੀ ਕਲਰਕ ਦੀਆਂ 2 ਪੋਸਟਾਂ, 2 ਸੇਵਾਦਾਰ ਦੀਆਂ, 1 ਏ. ਸੀ. ਪੀ. ਓ. ਦੀ ਪੰਚਾਇਤ ਸਕੱਤਰ ਦੀ ਤੇ 10 ਹੋਰ ਪੋਸਟਾਂ ਖਾਲੀ ਪਈਆਂ ਹਨ, ਜਦੋਂਕਿ ਗ੍ਰਾਮ ਸੇਵਕਾਂ ਦੀਆਂ 6 ਪੋਸਟਾਂ ਖਾਲੀ ਪਈਆਂ ਹਨ। ਇਨ੍ਹਾਂ ਪੋਸਟਾਂ ਦਾ ਕੰਮ ਉੱਥੇ ਜੋ ਅਧਿਕਾਰੀ ਲੱਗੇ ਹਨ, ਉਨ੍ਹਾਂ ਤੋਂ ਹੀ ਲਿਆ ਜਾ ਰਿਹਾ ਹੈ, ਜਿਸ ਕਾਰਨ ਹਰ ਕੋਈ ਜ਼ਿਆਦਾ ਕੰਮ ਦੇ ਬੋਝ ਹੇਠ ਦੱਬਿਆ ਹੋਇਆ ਹੈ।


author

Mandeep Singh

Content Editor

Related News