ਸਰਕਾਰੀ ਮਿਡਲ ਸਕੂਲ ਚੱਕ ਔਲ ਲਈ ਔਜਲਾ ਨੇ ਵਧਾਏ ਮਦਦ ਦੇ ਹੱਥ

Monday, Feb 12, 2018 - 01:36 PM (IST)

ਅਜਨਾਲਾ/ਅੰਮ੍ਰਿਤਸਰ (ਰਮਨਦੀਪ) - ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਚੱਕ ਔਲ ਦੇ ਸਰਕਾਰੀ ਮਿਡਲ ਸਕੂਲ ਦੇ ਖੁੱਲ੍ਹੇ ਆਸਮਾਨ ਹੇਠ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲ 'ਚ ਛੱਤ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਐੱਮ. ਪੀ. ਕੋਟੇ 'ਚੋਂ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਬੀਤੇ ਦਿਨੀਂ ਮੀਡੀਆ 'ਚ ਆਈ ਖਬਰ ਨੂੰ ਪੜ੍ਹਨ ਉਪਰੰਤ ਔਜਲਾ ਅੱਜ ਸਰਕਾਰੀ ਮਿਡਲ ਸਕੂਲ ਚੱਕ ਔਲ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਇਮਾਰਤ ਵਿਹੂਣੇ ਸਕੂਲ ਨੂੰ ਦੇਖਦਿਆਂ ਮੌਕੇ 'ਤੇ ਹੀ ਜਿਥੇ ਸਕੂਲ ਦੀ ਬਿਲਡਿੰਗ ਲਈ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਉਥੇ ਹੀ ਪਿੰਡ ਚੱਕ ਔਲ ਦੇ ਨਜ਼ਦੀਕ ਵਗਦੇ ਸ਼ੱਕੀ ਨਾਲੇ 'ਤੇ ਬਣੇ ਲੋਹੇ ਦੇ ਪੁਲ ਦੀ ਥਾਂ 'ਤੇ ਪੱਕਾ ਅਤੇ ਖੁੱਲ੍ਹਾ ਪੁਲ ਬਣਾ ਕੇ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਪਿੰਡ ਵਾਸੀਆਂ ਨੇ ਔਜਲਾ ਨੂੰ ਦੱਸਿਆ ਕਿ ਸ਼ੱਕੀ ਨਾਲੇ 'ਤੇ ਬਣੇ ਖਸਤਾਹਾਲ ਲੋਹੇ ਦੇ ਪੁਲ 'ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਇਸ ਪੁਲ ਤੋਂ ਸਿਰਫ ਖਾਲੀ ਟਰੈਕਟਰ-ਟਰਾਲੀ ਹੀ ਲੰਘ ਸਕਦੀ ਹੈ, ਜਦੋਂ ਕਿ ਫਸਲ ਨਾਲ ਭਰੀ ਟਰਾਲੀ ਨੂੰ 5 ਤੋਂ 10 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਪਿੰਡ ਲਿਆਉਣਾ ਪੈਂਦਾ ਹੈ। ਇਸ ਮੌਕੇ ਔਜਲਾ ਨੇ ਪਿੰਡ ਚੱਕ ਔਲ ਤੋਂ ਅਜਨਾਲਾ ਨੂੰ ਜੋੜਨ ਵਾਲੀ ਖਸਤਾਹਾਲ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ, ਹਰਜੀਤ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਜਗਜੀਤ ਸਿੰਘ, ਜਗਦੀਸ਼ ਮਸੀਹ, ਜਸਕਰਨ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ, ਰਿੰਕੂ ਅਜਨਾਲਾ, ਸੁਰਜੀਤ ਸਿੰਘ ਅਵਾਣ, ਨਿਸ਼ਾਨ ਸਿੰਘ ਸੁਧਾਰ ਆਦਿ ਹਾਜ਼ਰ ਸਨ।


Related News