ਪਟਿਆਲਾ ਵਾਸੀਆਂ ਲਈ ਚੰਗੀ ਖਬਰ, ਮੁੱਖ ਮੰਤਰੀ ਨੇ ਕੀਤੇ ਵੱਡੇ ਐਲਾਨ

07/18/2017 5:50:28 PM

ਚੰਡੀਗੜ੍ਹ : ਭਾਵੇਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦਾ ਅਜੇ ਤਕ ਪਟਿਆਲਾ ਦੇ ਲੋਕਾਂ ਨੇ ਦੀਦਾਰ ਨਹੀਂ ਕੀਤਾ ਪਰ ਬਾਵਜੂਦ ਇਸ ਦੇ ਪਟਿਆਲਾ ਵਾਸੀਆਂ ਲਈ ਚੰਗੀ ਖਬਰ ਹੈ ਕਿਉਂਕਿ ਪੰਜਾਬ ਸਰਕਾਰ ਨੇ ਪਟਿਆਲਾ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਹੋਰ ਕਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੇ ਆਪਣੇ ਵਿਕਾਸ ਏਜੰਡੇ ਵਜੋਂ ਸ਼ਹਿਰ ਦੀਆਂ ਸੜਕਾਂ ਦੀ ਕਾਇਆ-ਕਲਪ ਕਰਨ ਲਈ ਲਗਪਗ 30 ਕਰੋੜ ਰੁਪਏ ਦੀ ਵਿਵਸਥਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਕ ਹੋਰ ਫੈਸਲੇ ਵਿਚ ਮੁੱਖ ਮੰਤਰੀ ਨੇ ਅਦਾਲਤ ਬਾਜ਼ਾਰ ਤੋਂ ਇਤਿਹਾਸਕ ਕਿਲ੍ਹਾ ਮੁਬਾਰਕ ਤੱਕ ਚੌਕ ਨੂੰ ਵਿਰਾਸਤੀ ਲਾਂਘੇ ਵਜੋਂ ਵਿਕਸਤ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ।
ਸੂਬਾ ਸਰਕਾਰ ਨੇ ਮੋਦੀ ਪਲਾਜ਼ਾ ਵਿਖੇ ਅਤੇ ਮੰਦਰ ਸ਼੍ਰੀ ਕਾਲੀ ਮਾਤਾ ਦੇ ਪਿਛਲੇ ਪਾਸੇ ਜ਼ਮੀਨਦੋਜ਼ ਕੂੜਾਦਾਨ ਸਥਾਪਤ ਕਰਨ ਲਈ ਸ਼ਹਿਰ ਵਿਚ ਦੋ ਪਾਇਲਟ ਪ੍ਰਾਜੈਕਟ ਸ਼ੁਰੂ ਕੀਤੇ ਹਨ ਅਤੇ ਅਗਲੇ ਪੜਾਅ ਵਿਚ 20 ਹੋਰ ਥਾਵਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਸ 'ਤੇ 2.6 ਕਰੋੜ ਦੀ ਲਾਗਤ ਆਵੇਗੀ। ਬੁਲਾਰੇ ਨੇ ਦੱਸਿਆ ਮੁੱਖ ਮੰਤਰੀ ਜੋ ਪਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਸ਼ਹਿਰੀ ਇਲਾਕੇ ਦੇ ਡਰੇਨੇਜ ਸਿਸਟਮ ਨੂੰ ਸੁਚਾਰੂ ਬਣਾਉਣ ਅਤੇ ਸੁਧਾਰ ਲਿਆਉਣ ਲਈ ਤਿੰਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਜੋ ਪਟਿਆਲਾ ਛੋਟੀ ਨਦੀ, ਜੈਕੋਬਜ਼ ਡਰੇਨ ਅਤੇ ਮਾਡਲ ਟਾਊਨ ਡਰੇਨ ਵਿਖੇ ਸਥਿਤ ਹਨ। ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੀ ਰੋਕਥਾਮ ਲਈ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਅਤੇ ਕੈਂਪਾ ਅਧੀਨ ਬੀੜ ਖੁੱਲ੍ਹੇ ਮਾਜਰਾ ਅਤੇ ਬੀੜ ਮਜਾਲ ਵਿਖੇ ਤਾਰ ਲਾਉਣ ਦੀ ਯੋਜਨਾ ਬਣਾਈ ਗਈ ਹੈ।
ਸਰਕਾਰ ਵੱਲੋਂ ਸ਼ਹਿਰ ਵਿਚ ਇਕ ਨਵੀਂ ਮੱਛੀ ਮੰਡੀ ਸਥਾਪਤ ਕਰਨ ਤੋਂ ਇਲਾਵਾ ਕੈਂਪਾਂ ਅਤੇ ਗਰੀਨ ਮਿਸ਼ਨ ਪੰਜਾਬ ਅਧੀਨ ਇਕ ਨੇਚਰ ਪਾਰਕ ਅਤੇ ਨਰਸਰੀ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ। ਸ਼ਹਿਰ ਦੇ ਪਾਰਕਾਂ ਦਾ ਵਿਕਾਸ ਕਰਨ ਲਈ ਵੱਖਰੇ ਤੌਰ 'ਤੇ ਇਕ ਕਰੋੜ ਰੁਪਏ ਰੱਖੇ ਗਏ ਹਨ। ਸ਼ਹਿਰ 'ਚ ਬਹੁ-ਮੰਜ਼ਲੀ ਪਾਰਕਿੰਗ ਦੀ ਸਥਾਪਨਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਬਿਜਲੀ ਦੀ ਬੱਚਤ ਵਾਲੀਆਂ ਐਲ.ਈ.ਡੀ. ਲਾਈਟਾਂ ਵਿਚ ਬਦਲਿਆ ਜਾਵੇਗਾ। ਇਲਾਕੇ ਵਿਚ 52 ਮਾਡਲ ਆਂਗਣਵਾੜੀ ਕੇਂਦਰ ਵਿਕਸਤ ਕਰਨ ਦਾ ਵੀ ਪ੍ਰਸਤਾਵ ਹੈ ਅਤੇ ਇਸ ਤੋਂ ਇਲਾਵਾ ਝੁੱਗੀ-ਝੌਂਪੜੀ ਵਾਲੇ ਬੱਚਿਆਂ ਲਈ ਇਕ ਸਕੂਲ ਚਲਾਉਣ ਵਾਸਤੇ ਅਵਸਰ ਪ੍ਰੋਜੈਕਟ ਦਾ ਆਰੰਭ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਕਰਕੇ ਪਿਛਲੀ ਸਰਕਾਰ ਦੌਰਾਨ ਪਟਿਆਲਾ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਗਿਆ ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਸੂਬਾ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਚੁੱਕੇ ਕਦਮਾਂ ਨਾਲ ਇਸ ਖਿੱਤੇ ਨੂੰ ਮੁੜ ਵਿਕਾਸ ਦੀ ਲੀਹ 'ਤੇ ਲਿਆਂਦਾ ਜਾ ਰਿਹਾ ਹੈ।


Related News