ਗੋਪਾਲ ਨਗਰ ਗੋਲ਼ੀਕਾਂਡ ਮਾਮਲਾ: ਹਿਮਾਂਸ਼ੂ ਭੱਜਿਆ ਤਾਂ ਪਿੰਪੂ ਨੇ ਦੇਸੀ ਹਥਿਆਰ ਨਾਲ ਕੀਤੇ ਸਨ ਫਾਇਰ

Sunday, Apr 17, 2022 - 01:12 PM (IST)

ਗੋਪਾਲ ਨਗਰ ਗੋਲ਼ੀਕਾਂਡ ਮਾਮਲਾ: ਹਿਮਾਂਸ਼ੂ ਭੱਜਿਆ ਤਾਂ ਪਿੰਪੂ ਨੇ ਦੇਸੀ ਹਥਿਆਰ ਨਾਲ ਕੀਤੇ ਸਨ ਫਾਇਰ

ਜਲੰਧਰ (ਜ. ਬ.)– ਗੋਪਾਲ ਨਗਰ ਵਿਚ ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਬੇਟੇ ਹਿਮਾਂਸ਼ੂ ’ਤੇ ਚੱਲੀ ਗੋਲੀ ਦੇ ਮਾਮਲੇ ਵਿਚ 2 ਦਿਨ ਬੀਤਣ ਤੋਂ ਬਾਅਦ ਵੀ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੰਚਮ ਸਮੇਤ ਉਸਦੇ ਗੈਂਗ ਦੇ ਮੈਂਬਰ ਅੰਡਰਗਰਾਊਂਡ ਹਨ। ਪੁਲਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਿਮਾਂਸ਼ੂ ’ਤੇ ਪਿੰਪੂ ਨੇ ਹੀ ਫਾਇਰਿੰਗ ਕੀਤੀ ਸੀ। ਪਿੰਪੂ ਦੀ ਹਿਸਟਰੀ ਵੀ ਕ੍ਰਿਮੀਨਲ ਰਹੀ ਹੈ ਅਤੇ ਉਸ ਦੇ ਕੋਲ ਵੀ ਦੇਸੀ ਹਥਿਆਰ ਹੈ। ਪੁਲਸ ਨੇ ਪੰਚਮ ’ਤੇ ਦਬਾਅ ਬਣਾਉਣ ਲਈ ਉਸ ਦੀ ਮਾਤਾ ਨੂੰ ਥਾਣੇ ਵਿਚ ਬੁਲਾ ਕੇ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਵੀ ਪੰਚਮ ਬਾਰੇ ਕੋਈ ਸੂਚਨਾ ਨਹੀਂ ਹੈ। ਪੰਚਮ ਗੈਂਗ ਨੂੰ ਕਾਬੂ ਕਰਨ ਲਈ ਪੁਲਸ ’ਤੇ ਅਧਿਕਾਰੀਆਂ ਦਾ ਕਾਫ਼ੀ ਦਬਾਅ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਪੁਲਸ ਨੇ ਜਲੰਧਰ ਦੇ ਸੁਭਾਨਾ ਸਮੇਤ ਕਈ ਇਲਾਕਿਆਂ ਵਿਚ ਰੇਡ ਕੀਤੀ ਪਰ ਨਾਮਜ਼ਦ ਕਿਸੇ ਵੀ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਦਰਦਨਾਕ ਹਾਦਸਾ, ਟੋਭੇ ’ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੌਤ, ਘਰ 'ਚ ਮਚਿਆ ਚੀਕ-ਚਿਹਾੜਾ

ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ੂ ਨੂੰ ਜਦੋਂ ਬੇਸਬੈਟ ਮਾਰੇ ਗਏ ਅਤੇ ਉਹ ਗਲੀ ਵੱਲ ਆਪਣੀ ਜਾਨ ਬਚਾਉਣ ਲਈ ਭੱਜਿਆ ਪਰ ਉਸੇ ਦੌਰਾਨ ਉਸ ਦੇ ਪਿੱਛੇ ਭੱਜ ਰਹੇ ਪਿੰਪੂ ਨੇ ਦੇਸੀ ਹਥਿਆਰ ਨਾਲ ਸਿੱਧੇ ਫਾਇਰ ਕੀਤੇ ਪਰ ਹਿਮਾਂਸ਼ੂ ਬਚ ਗਿਆ ਅਤੇ ਇਕ ਗੋਲੀ ਰਾਹਗੀਰ ਹਰਮੇਲ ਸਿੰਘ ਦੀ ਲੱਤ ਵਿਚ ਜਾ ਵੱਜੀ। ਪੁਲਸ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੰਚਮ ਦੇ ਨਜ਼ਦੀਕੀ ਲੋਕਾਂ ਨੂੰ ਥਾਣੇ ਵਿਚ ਤਲਬ ਕਰਕੇ ਪੁੱਛਗਿੱਛ ਕਰ ਰਹੀ ਹੈ। ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਪੰਚਮ ਗੈਂਗ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਰੇਡ ਕੀਤੀ ਜਾ ਰਹੀ ਹੈ। ਥਾਣਾ ਨੰਬਰ 2 ਦੀ ਪੁਲਸ ਵੀ ਮੁਲਜ਼ਮਾਂ ਦੀ ਲੋਕੇਸ਼ਨ ਦੀ ਜਾਂਚ ਵਿਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਗੋਲ਼ੀਕਾਂਡ ਤੋਂ ਬਾਅਦ ਚੰਦਨ ਨਗਰ ਅੰਡਰਬ੍ਰਿਜ ਵੱਲ ਭੱਜੇ ਸਨ। ਦੱਸਣਯੋਗ ਹੈ ਕਿ 14 ਅਪ੍ਰੈਲ ਦੀ ਰਾਤ ਨੂੰ ਪਿੰਪੂ ਅਤੇ ਨਿਖਿਲ ਉਰਫ਼ ਸਾਹਿਲ ਕੇਲਾ ਨੇ ਪੁਰਾਣੀ ਰੰਜਿਸ਼ ਕਾਰਨ ਹਿਮਾਂਸ਼ੂ ਦਾ ਟਰੈਪ ਲਾਇਆ ਸੀ। ਉਸ ਦੇ ਨਾਲ ਪੰਚਮ ਨੂਰ, ਅਮਨ ਸੇਠੀ ਅਤੇ ਮਿਰਜ਼ਾ ਸਮੇਤ ਅਣਪਛਾਤੇ ਲੋਕ ਵੀ ਸਨ। ਮੁਲਜ਼ਮਾਂ ਨੇ ਆਈਸਕ੍ਰੀਮ ਖ਼ਰੀਦਣ ਜਾ ਰਹੇ ਹਿਮਾਂਸ਼ੂ ’ਤੇ ਹਮਲਾ ਕਰ ਦਿੱਤਾ ਅਤੇ ਜਿਉਂ ਹੀ ਹਿਮਾਂਸ਼ੂ ਭੱਜਿਆ ਅਤੇ ਪਿੱਛੇ ਭੱਜ ਰਹੇ ਮੁਲਜ਼ਮ ਪਿੰਪੂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ।

ਥਾਣਾ ਨੰਬਰ 2 ਵਿਚ ਪੰਚਮ ਨੂਰ ਨਿਵਾਸੀ ਰਸਤਾ ਮੁਹੱਲਾ, ਪਿੰਪੂ ਪੁੱਤਰ ਬਲਰਾਜ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ, ਨਿਖਿਲ ਉਰਫ ਸਾਹਿਲ ਕੇਲਾ ਨਿਵਾਸੀ ਰਸਤਾ ਮੁਹੱਲਾ, ਅਮਨ ਸੇਠੀ ਨਿਵਾਸੀ ਦਾਦਾ ਕਾਲੋਨੀ ਅਤੇ ਮਿਰਜ਼ਾ ਸਮੇਤ 3-4 ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 307, 148 ਤੇ 149 ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਗੋਲੀ ਕਾਂਡ ਦੇ ਸਾਰੇ ਮੁਲਜ਼ਮ ਅਜੇ ਫ਼ਰਾਰ ਹਨ।

ਇਹ ਵੀ ਪੜ੍ਹੋ: ਰੂਪਨਗਰ ਵਿਖੇ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ 5 ਭੈਣਾਂ ਦੇ ਭਰਾ ਦੀ ਡੁੱਬਣ ਕਾਰਨ ਮੌਤ

ਗੌਂਡਰ ਗੈਂਗ ਦੇ ਮੈਂਬਰ ਦੀ ਕਿਡਨੈਪਿੰਗ ’ਚ ਵੀ ਸ਼ਾਮਲ ਸੀ ਪਿੰਪੂ
ਦੱਸਿਆ ਜਾ ਰਿਹਾ ਹੈ ਕਿ ਪਿੰਪੂ ਨਾਂ ਦਾ ਮੁਲਜ਼ਮ ਗੌਂਡਰ ਗੈਂਗ ਦੇ ਮੈਂਬਰ ਦੀ ਕਿਡਨੈਪਿੰਗ ਕੇਸ ਵਿਚ ਸ਼ਾਮਲ ਸੀ। ਉਸ ਕੇਸ ਵਿਚ ਪੰਚਮ ਦਾ ਨਾਂ ਵੀ ਸਾਹਮਣੇ ਆਇਆ ਸੀ। ਉਦੋਂ ਇਨ੍ਹਾਂ ਲੋਕਾਂ ਨੇ ਗੌਂਡਰ ਗੈਂਗ ਦੇ ਮੈਂਬਰ ਨੂੰ ਕਿਡਨੈਪ ਕਰਕੇ ਕੁੱਟਮਾਰ ਕਰਦਿਆਂ ਦੀ ਵੀਡੀਓ ਬਣਾਈ ਸੀ ਅਤੇ ਉਸੇ ਨੌਜਵਾਨ ਤੋਂ ਗੌਂਡਰ ਨੂੰ ਗਾਲ੍ਹ ਕੱਢਣ ਦੀ ਵੀਡੀਓ ਵੀ ਬਣਾਈ ਸੀ। ਉਦੋਂ ਇਹ ਵੀਡੀਓ ਕਾਫ਼ੀ ਵਾਇਰਲ ਵੀ ਹੋਈ ਸੀ। ਥਾਣਾ ਨੰਬਰ 6 ਵਿਚ ਉਦੋਂ ਪਿੰਪੂ, ਪੰਚਮ ਆਦਿ ’ਤੇ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  CM ਭਗਵੰਤ ਮਾਨ ਦਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਜਨਤਾ ’ਤੇ ਕੋਈ ਅਹਿਸਾਨ ਨਹੀਂ: ਰਾਜਾ ਵੜਿੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News