ਤਿਉਹਾਰਾਂ ਦੇ ਸੀਜ਼ਨ ''ਚ Train ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਅਹਿਮ ਫ਼ੈਸਲਾ

Saturday, Sep 13, 2025 - 10:48 AM (IST)

ਤਿਉਹਾਰਾਂ ਦੇ ਸੀਜ਼ਨ ''ਚ Train ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਅਹਿਮ ਫ਼ੈਸਲਾ

ਫਿਰੋਜ਼ਪੁਰ (ਖੁੱਲਰ) : ਭਾਰਤੀ ਰੇਲਵੇ ਨੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਯਾਤਰੀਆਂ ਦੀ ਸਹੂਲਤ ਲਈ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤਹਿਤ ਅੰਮ੍ਰਿਤਸਰ ਅਤੇ ਬੜ੍ਹਨੀ ਦਰਮਿਆਨ ਇਕ ਨਵੀਂ ‘ਤਿਉਹਾਰ ਸਪੈਸ਼ਲ’ ਰੇਲ ਗੱਡੀ ਚਲਾਈ ਜਾਵੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ-ਸਹਰਸਾ ਜਨ ਸਾਧਾਰਨ ਐਕਸਪ੍ਰੈੱਸ ਦਾ ਰੂਟ ਨਰਪਤਗੰਜ ਤੱਕ ਵਧਾ ਦਿੱਤਾ ਗਿਆ ਹੈ, ਜਿਸ ਨਾਲ ਹੋਰ ਯਾਤਰੀਆਂ ਨੂੰ ਲਾਭ ਹੋਵੇਗਾ।
ਅੰਮ੍ਰਿਤਸਰ-ਬੜ੍ਹਨੀ ਤਿਉਹਾਰ ਸਪੈਸ਼ਲ ਰੇਲਗੱਡੀ (20 ਟਰਿੱਪ)
ਰੇਲ ਗੱਡੀ ਨੰਬਰ 05006, ਜੋ ਕਿ ਅੰਮ੍ਰਿਤਸਰ ਤੋਂ ਬੜ੍ਹਨੀ ਲਈ ਚੱਲੇਗੀ। 25 ਸਤੰਬਰ 2025 ਤੋਂ 27 ਨਵੰਬਰ 2025 ਤੱਕ ਹਰ ਵੀਰਵਾਰ ਨੂੰ ਉਪਲਬੱਧ ਹੋਵੇਗੀ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਦੁਪਹਿਰ 12.45 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 08.15 ਵਜੇ ਬੜ੍ਹਨੀ ਪਹੁੰਚੇਗੀ। ਇਸ ਯਾਤਰਾ ਦਾ ਸਮਾਂ ਕਰੀਬ 18 ਘੰਟੇ ਹੋਵੇਗਾ। ਇਸੇ ਤਰ੍ਹਾਂ ਰੇਲ ਗੱਡੀ ਨੰਬਰ 05005 ਬੜ੍ਹਨੀ ਤੋਂ ਅੰਮ੍ਰਿਤਸਰ ਲਈ 24 ਸਤੰਬਰ 2025 ਤੋਂ 26 ਨਵੰਬਰ 2025 ਤੱਕ ਹਰ ਬੁੱਧਵਾਰ ਨੂੰ ਚੱਲੇਗੀ। ਇਹ ਰੇਲਗੱਡੀ ਬੜ੍ਹਨੀ ਤੋਂ ਦੁਪਹਿਰ 03.10 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 09.30 ਵਜੇ ਅੰਮ੍ਰਿਤਸਰ ਪਹੁੰਚੇਗੀ, ਜਿਸ ਲਈ ਵੀ ਕਰੀਬ 18 ਘੰਟੇ ਲੱਗਣਗੇ। ਇਨ੍ਹਾਂ ਰੇਲਗੱਡੀਆਂ ਦਾ ਰਸਤਾ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁਢਵਾਲ, ਗੋਂਡਾ, ਬਲਰਾਮਪੁਰ ਅਤੇ ਤੁਲਸੀਪੁਰ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗਾ।
ਅੰਮ੍ਰਿਤਸਰ-ਸਹਰਸਾ ਐਕਸਪ੍ਰੈੱਸ ਦਾ ਵਿਸਥਾਰ
ਇਸ ਤੋਂ ਇਲਾਵਾ ਰੇਲਵੇ ਨੇ 14604/14603 ਅੰਮ੍ਰਿਤਸਰ-ਸਹਰਸਾ-ਅੰਮ੍ਰਿਤਸਰ ਜਨ ਸਾਧਾਰਨ ਐਕਸਪ੍ਰੈੱਸ ਦਾ ਰੂਟ ਸਹਰਸਾ ਤੋਂ ਅੱਗੇ ਵਧਾ ਕੇ ਨਰਪਤਗੰਜ ਤੱਕ ਕਰ ਦਿੱਤਾ ਹੈ। ਇਸ ਨਵੇਂ ਵਿਸਥਾਰ ਨਾਲ ਇਹ ਰੇਲਗੱਡੀ ਸਹਰਸਾ ਅਤੇ ਨਰਪਤਗੰਜ ਦੇ ਵਿਚਕਾਰ ਸੁਪੌਲ, ਸਰਾਏਗੜ੍ਹ, ਰਾਘੋਪੁਰ ਅਤੇ ਲਲਿਤਗ੍ਰਾਮ ਵਰਗੇ ਨਵੇਂ ਸਟੇਸ਼ਨਾਂ ’ਤੇ ਵੀ ਰੁਕੇਗੀ। ਇਸ ਨਾਲ ਇਸ ਖੇਤਰ ਦੇ ਯਾਤਰੀਆਂ ਨੂੰ ਹੋਰ ਬਿਹਤਰ ਸੰਪਰਕ ਅਤੇ ਸਹੂਲਤ ਪ੍ਰਦਾਨ ਹੋਵੇਗੀ। ਭਾਰਤੀ ਰੇਲਵੇ ਯਾਤਰੀਆਂ ਨੂੰ ਸੁਖਾਲੀ ਅਤੇ ਸੁਰੱਖਿਅਤ ਯਾਤਰਾ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਇਨ੍ਹਾਂ ਵਿਸ਼ੇਸ਼ ਸੇਵਾਵਾਂ ਦਾ ਉਦੇਸ਼ ਤਿਉਹਾਰਾਂ ਦੌਰਾਨ ਵਧੇ ਹੋਏ ਯਾਤਰੀਆਂ ਦੀ ਭੀੜ ਨੂੰ ਪ੍ਰਬੰਧਿਤ ਕਰਨਾ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਨੂੰ ਆਸਾਨ ਬਣਾਉਣਾ ਹੈ।
 


author

Babita

Content Editor

Related News