ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਖੁਸ਼ਖਬਰੀ, 5 ਲੱਖ ਤੱਕ ਮੁਫਤ ਮਿਲੇਗਾ ਇਲਾਜ

11/23/2019 2:53:45 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ 'ਚ ਪੰਜਾਬ ਦੇ 46 ਲੱਖ ਪਰਿਵਾਰਾਂ ਨੂੰ ਆਯੁਸ਼ਮਾਨ ਯੋਜਨਾ ਤਹਿਤ ਜੋੜ ਦਿੱਤਾ ਗਿਆ ਹੈ, ਜਿਨ੍ਹਾਂ ਦਾ ਨਿਰਧਾਰਿਤ ਕੀਤੇ ਗਏ 611 ਹਸਪਤਾਲਾਂ 'ਚ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਵੇਗਾ, ਜੋ ਕਾਗਰਸ ਦੀ ਵੱਡੀ ਪ੍ਰਾਪਤੀ ਹੈ। ਬਲਬੀਰ ਸਿੰਘ ਸਿੱਧੂ ਮਾਛੀਵਾੜਾ ਵਿਖੇ ਆਨੰਦਜ਼ ਮੈਡੀਸਿਟੀ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਪ੍ਰਦੇਸ਼ ਖਜਾਨਚੀ ਕਮਲਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ।

ਮੰਤਰੀ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਸ਼ਕਤੀ ਆਨੰਦ ਤੇ ਉਨ੍ਹਾਂ ਦੇ ਸਪੁੱਤਰ ਡਾ. ਦੀਪ ਆਨੰਦ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿਚ ਜਿੱਥੇ ਡਾਕਟਰ ਵੱਡੇ ਸ਼ਹਿਰਾਂ 'ਚ ਹਸਪਤਾਲ ਖੋਲ੍ਹ ਚੋਖੀ ਕਮਾਈ ਕਰਨ ਨੂੰ ਤਰਜੀਹ ਦਿੰਦੇ ਹਨ, ਉਥੇ ਆਨੰਦ ਪਰਿਵਾਰ ਨੇ ਮਾਛੀਵਾੜਾ ਸਾਹਿਬ ਵਰਗੇ ਛੋਟੇ ਤੇ ਪਵਿੱਤਰ ਸ਼ਹਿਰ 'ਚ ਇੱਕ ਵਧੀਆ ਮਲਟੀਸਪੈਸ਼ਲਿਸਟ ਹਸਪਤਾਲ ਖੋਲ੍ਹ ਕੇ ਲੋਕ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ।

ਮੰਤਰੀ ਸਿੱਧੂ ਨੇ ਇਹ ਵੀ ਦੱਸਿਆ ਕਿ ਆਯੁਸ਼ਮਾਨ ਯੋਜਨਾ ਤਹਿਤ ਅਜਿਹੇ ਛੋਟੇ ਕਸਬਿਆਂ 'ਚ ਖੁੱਲ੍ਹੇ ਹਸਪਤਾਲਾਂ ਨੂੰ ਵੀ ਜੋੜਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਇੱਥੇ ਵੀ ਇਲਾਜ ਮੁਫ਼ਤ ਮਿਲ ਸਕੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ 50,000 ਵਿਅਕਤੀ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ ਅਤੇ ਇੰਸ਼ੋਰੈਂਸ ਕੰਪਨੀਆਂ ਵਲੋਂ 67 ਕਰੋੜ ਰੁਪਏ ਲੋਕਾਂ ਦੇ ਇਲਾਜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਪੱਤਰਕਾਰਾਂ ਵਲੋਂ ਸਿਆਸੀ ਸਵਾਲ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਲਦ ਹੀ ਸਮਾਰਟਫੋਨ ਦਿੱਤੇ ਜਾ ਰਹੇ ਹਨ ਜਿਸ ਸਬੰਧੀ ਕੰਪਨੀਆਂ ਨੂੰ ਆਰਡਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮਾੜੇ ਵਿੱਤੀ ਹਾਲਾਤ 'ਤੇ ਪ੍ਰਤੀਕਿਰਿਆ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ ਕਿਉਂਕਿ ਸੂਬੇ ਦਾ 4100 ਕਰੋੜ ਰੁਪਏ ਦਾ ਜੀ. ਐਸ. ਟੀ ਰੋਕਿਆ ਹੋਇਆ ਹੈ ਅਤੇ ਜੇਕਰ ਇਹ ਪੈਸਾ ਮਿਲ ਜਾਵੇ ਤਾਂ ਵਿੱਤੀ ਹਾਲਤ ਠੀਕ ਹੋ ਸਕਦੇ ਹਨ।


Babita

Content Editor

Related News