ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹੀਨੇ ਦੇ ਅਖ਼ੀਰ ਤੱਕ ਹੋਵੇਗਾ ਪਹਿਲਾ ਨੰਬਰ
Monday, Dec 09, 2024 - 02:38 PM (IST)
![ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹੀਨੇ ਦੇ ਅਖ਼ੀਰ ਤੱਕ ਹੋਵੇਗਾ ਪਹਿਲਾ ਨੰਬਰ](https://static.jagbani.com/multimedia/2024_12image_14_38_36265693885.jpg)
ਚੰਡੀਗੜ੍ਹ (ਰੋਹਾਲ) : ਚੰਡੀਗੜ੍ਹ ਕੁੱਝ ਹੀ ਦਿਨਾਂ ’ਚ 88 ਮੈਗਾਵਾਟ ਸੂਰਜੀ ਊਰਜਾ ਪੈਦਾ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣ ਜਾਵੇਗਾ। ਹੁਣ ਤੱਕ ਆਬਾਦੀ ਤੇ ਖ਼ੇਤਰ ਦੇ ਲਿਹਾਜ਼ ਨਾਲ ਦਿੱਲੀ ਪਹਿਲੇ ਨੰਬਰ ’ਤੇ ਸੀ ਪਰ ਦਸੰਬਰ ਦੇ ਅਖ਼ੀਰ ਤੱਕ ਸਾਢੇ 5 ਹਜ਼ਾਰ ਸਰਕਾਰੀ ਘਰਾਂ ’ਚ ਸੋਲਰ ਪੈਨਲ ਨਾਲ ਸੂਰਜੀ ਊਰਜਾ ਪੈਦਾ ਕਰਨ ਵਾਲਾ ਪਹਿਲਾ ਸ਼ਹਿਰ ਹੋਵੇਗਾ। ਇਨ੍ਹੀਂ ਦਿਨੀਂ ਕਰੀਬ 1100 ਸਰਕਾਰੀ ਘਰਾਂ ’ਚ ਪੈਨਲ ਲਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ 1600 ਘਰਾਂ ’ਚ ਜਲਦ ਖ਼ਤਮ ਹੋਣ ਵਾਲਾ ਹੈ। ਕਰੀਬ 7200 ਸਰਕਾਰੀ ਘਰਾਂ ਦੇ ਸਰਵੇ ’ਚ ਸਾਢੇ 1700 ਘਰ ਅਜਿਹੇ ਮਿਲੇ, ਜਿੱਥੇ ਸੂਰਜੀ ਊਰਜਾ ਪੈਦਾ ਕਰਨਾ ਸੰਭਵ ਨਹੀਂ ਸੀ। ਚੰਡੀਗੜ੍ਹ ਨਵੀਨੀਕਰਨ ਊਰਜਾ ਵਿਗਿਆਨ ਤੇ ਤਕਨਾਲੋਜੀ (ਕ੍ਰੇਸਟ) ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਨਿਤਿਨ ਸ਼੍ਰੀਵਾਸਤਵ ਨੇ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸ਼੍ਰੇਣੀ ’ਚ ਚੰਡੀਗੜ੍ਹ 31 ਦਸੰਬਰ ਤੱਕ ਸੂਰਜੀ ਊਰਜਾ ਦੀ ਕੁੱਲ ਸਮਰੱਥਾ ਦਾ ਸਭ ਤੋਂ ਵੱਧ ਉਤਪਾਦਨ ਕਰਨ ਵਾਲਾ ਸ਼ਹਿਰ ਬਣ ਜਾਵੇਗਾ। ਸਰਕਾਰੀ ਘਰਾਂ ’ਚ ਇਸ ਮਹੀਨੇ ਦੇ ਅੰਤ ਤੱਕ ਪਲਾਂਟ ਲਾਉਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਸਖ਼ਤ ਹੁਕਮ ਜਾਰੀ! ਲੱਗ ਗਈਆਂ ਆਹ ਪਾਬੰਦੀਆਂ
110 ਸਰਕਾਰੀ ਸਕੂਲ ਪੈਦਾ ਕਰ ਰਹੇ ਹਨ 900 ਯੂਨਿਟਾਂ
ਸਕੂਲਾਂ ’ਚ ਸੂਰਜੀ ਊਰਜਾ ਤੈਅ ਟੀਚੇ ਤੋਂ ਵੱਧ ਪੈਦਾ ਕੀਤੀ ਜਾ ਰਹੀ ਹੈ। 110 ਸਰਕਾਰੀ ਸਕੂਲਾਂ ’ਚ ਸੋਲਰ ਪੈਨਲ 6 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਲਾਏ ਗਏ ਪਰ ਇਹ 6.9 ਮੈਗਾਵਾਟ ਬਿਜਲੀ ਬਣਾ ਰਹੇ ਹਨ। ਇਸ ਹਿਸਾਬ ਨਾਲ 900 ਯੂਨਿਟਾਂ ਵੱਧ ਪੈਦਾ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼ਹਿਰ ’ਚ 2010 ਦੇ ਆਸ-ਪਾਸ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਤਹਿਤ ਸੂਰਜੀ ਊਰਜਾ ਪੈਦਾ ਕਰਨ ਦਾ ਕੰਮ ਸ਼ੁਰੂ ਹੋਇਆ ਸੀ ਪਰ 7-8 ਸਾਲਾਂ ’ਚ ਕੰਮ ਮੱਠਾ ਰਿਹਾ। 2017 ਤੱਕ ਸਿਰਫ਼ 10 ਮੈਗਾਵਾਟ ਬਿਜਲੀ ਵੀ ਪੈਦਾ ਨਹੀਂ ਹੋ ਰਹੀ ਸੀ। ਹੁਣ ਪਿਛਲੇ 7 ਸਾਲਾਂ ’ਚ ਜੂਨ ਤੱਕ 68 ਮੈਗਾਵਾਟ ਸੂਰਜੀ ਊਰਜਾ ਬਣਾਈ ਜਾ ਰਹੀ ਹੈ। ਉੱਥੇ ਹੀ 1700 ਸਰਕਾਰੀ ਘਰਾਂ ’ਚ ਸੂਰਜੀ ਊਰਜਾ ਪੈਦਾ ਕਰਨ ’ਚ ਕਈ ਦਿੱਕਤਾਂ ਸਨ। ਆਲੇ-ਦੁਆਲੇ ਸੰਘਣੇ ਰੁੱਖ ਹੋਣ ਕਾਰਨ ਛੱਤਾਂ ’ਤੇ ਲੱਗੇ ਪਲਾਂਟ ਬਿਜਲੀ ਪੈਦਾ ਕਰਨ ’ਚ ਸਮਰੱਥ ਨਹੀਂ ਸਨ।
ਇਹ ਵੀ ਪੜ੍ਹੋ : ਨਵੀਂ ਨੂੰਹ ਨੇ ਵੱਸਣ ਤੋਂ ਪਹਿਲਾਂ ਹੀ ਚੜ੍ਹਾ 'ਤਾ ਚੰਨ, ਪਤੀ ਸਣੇ ਸਹੁਰੇ ਪਰਿਵਾਰ ਦੇ ਉੱਡੇ ਹੋਸ਼
ਕੇਂਦਰ ਸ਼ਾਸਤ ਪ੍ਰਦੇਸ਼ ’ਚ ਹਾਸਲ ਕਰੇਗਾ ਟੀਚਾ
ਕ੍ਰੇਸਟ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਨਿਤਿਨ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਤਹਿਤ ਸਰਕਾਰੀ ਘਰਾਂ ’ਚ ਸੋਲਰ ਪਲਾਂਟ ਲਾਉਣ ਤੇ ਸੂਰਜੀ ਊਰਜਾ ਪੈਦਾ ਕਰਨ ਦਾ ਅਨੁਪਾਤ ਦਿੱਲੀ ਨਾਲੋਂ ਚੰਗਾ ਹੈ। ਕੁੱਲ ਘਰਾਂ ਦੇ ਅਨੁਪਾਤ ’ਚ ਦਿੱਲੀ ਵਿਚ ਸੋਲਰ ਪਲਾਂਟ ਲਾਉਣ ਦਾ ਅਨੁਪਾਤ ਘੱਟ ਹੈ। ਇਸੇ ਤਰ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ’ਚ ਚੰਡੀਗੜ੍ਹ ਸੋਲਰ ਪਲਾਂਟ ਲਾਉਣ ਤੋਂ ਬਾਅਦ ਤੈਅ ਅਨੁਪਾਤ ’ਚ ਦਿੱਲੀ ਨਾਲੋਂ ਵੱਧ ਬਿਜਲੀ ਪੈਦਾ ਕਰਨਾ ਸ਼ੁਰੂ ਕਰ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8