ਦਿਨ-ਦਿਹਾੜੇ ਘਰ ''ਚੋਂ ਸੋਨਾ ਤੇ ਨਕਦੀ ਚੋਰੀ
Thursday, Apr 05, 2018 - 04:47 AM (IST)

ਭੂੰਗਾ/ਗੜ੍ਹਦੀਵਾਲਾ, (ਭਟੋਆ)- ਪੁਲਸ ਚੌਕੀ ਭੂੰਗਾ ਅਧੀਨ ਪਿੰਡ ਦੌਲਤਪੁਰ ਗਿੱਲ ਵਿਚ ਅੱਜ ਦਿਨ-ਦਿਹਾੜੇ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਚੋਰੀ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਚੋਰੀ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮਾਸਟਰ ਸੁਰਿੰਦਰ ਸਿੰਘ ਪੁੱਤਰ ਸਰਵਣ ਸਿੰਘ ਨੇ ਦੱਸਿਆ ਕਿ ਮੈਂ ਸਰਕਾਰੀ ਸਕੂਲ ਖਿਆਲਾ-ਬੁਲੰਦਾ ਵਿਚ ਪੜ੍ਹਾਉਂਦਾ ਹਾਂ ਤੇ ਮੇਰੀ ਪਤਨੀ ਮੈਡਮ ਸਤਵਿੰਦਰ ਕੌਰ ਧੂਤ ਕਲਾਂ ਸਕੂਲ ਵਿਚ ਪੜ੍ਹਾਉਂਦੀ ਹੈ, ਅਸੀਂ ਦੋਨੋਂ ਸਵੇਰੇ 8 ਵਜੇ ਸਕੂਲ ਚਲੇ ਗਏ ਤੇ ਘਰ ਵਿਚ ਮਾਤਾ ਕਮਲਜੀਤ ਕੌਰ ਇਕੱਲੀ ਸੀ ਤੇ ਮਾਤਾ ਵੀ ਘਰ ਨੂੰ ਜਿੰਦਰਾ ਲਾ ਕੇ ਪੁਰਾਣੇ ਘਰ ਨੂੰ ਚਲੀ ਗਈ ਸੀ, ਜਦ ਮਾਤਾ 11 ਵਜੇ ਦੇ ਕਰੀਬ ਘਰ ਵਾਪਸ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਘਰ ਦੇ ਮੇਨ ਦਰਵਾਜੇ ਦੀ ਕੁੰਡੀ ਪੁੱਟੀ ਹੋਈ ਸੀ ਤੇ ਰੌਲਾ ਪਾਉਣ 'ਤੇ ਗੁਆਂਢੀ ਇਕੱਠੇ ਹੋ ਗਏ। ਮਾਤਾ ਕਮਲਜੀਤ ਕੌਰ ਨੇ ਗੁਆਂਢੀ ਕੋਲੋਂ ਫੋਨ ਕਰਵਾ ਕੇ ਮੈਨੂੰ ਚੋਰੀ ਸਬੰਧੀ ਜਾਣਕਾਰੀ ਦਿੱਤੀ। ਮਾਸਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਦੋ ਅਲਮਾਰੀਆਂ ਦੇ ਜਿੰਦਰੇ ਭੰਨ ਕੇ 10 ਤੋਲੇ ਸੋਨਾ ਅਤੇ 25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਲੈ ਗਏ ਹਨ, ਜਿਸ ਨਾਲ ਸਾਡਾ ਸਵਾ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਕਿਹਾ ਕਿ ਲੁਟੇਰਿਆਂ ਵੱਲੋਂ ਘਰ ਦੀ ਕਾਫੀ ਫਰੋਲਾ-ਫਰਾਲੀ ਕੀਤੀ ਗਈ ਪਰ ਮਾਤਾ ਦੇ ਆਉਣ ਦੀ ਭਿਣਕ ਪੈਣ ਕਾਰਨ ਹੋਰ ਸਾਮਾਨ ਚੋਰੀ ਹੋਣ ਤੋਂ ਬਚਾਅ ਹੋ ਗਿਆ, ਨਹੀਂ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀ। ਮਾਸਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਚੋਰੀ ਦੀ ਵਾਰਦਾਤ ਸਬੰਧੀ ਸ਼ਿਕਾਇਤ ਪੁਲਸ ਚੌਕੀ ਭੂੰਗਾ ਨੂੰ ਕਰ ਦਿੱਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਪਿੰਡ ਵਿਚ ਦੂਜੇ ਮੁਹੱਲੇ ਵਿਚ ਵਿਆਹ ਹੋਣ ਕਾਰਨ ਲੁਟੇਰਿਆਂ ਨੇ ਫਾਇਦਾ ਉਠਾਇਆ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਮੌਕੇ ਮਾਸਟਰ ਸੁਰਿੰਦਰ ਸਿੰਘ, ਮੈਡਮ ਸਤਵਿੰਦਰ ਕੌਰ, ਮਾਤਾ ਕਮਲਜੀਤ ਕੌਰ, ਸਤਨਾਮ ਸਿੰਘ, ਮਹਿੰਦਰ ਕੌਰ ਸਰਪੰਚ, ਮਨਜੀਤ ਸਿੰਘ, ਦਰਸ਼ਨ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਡੋਗਰ ਰਾਮ ਅਤੇ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।