ਸੋਨੇ ਚਾਂਦੀ ਦੇ ਸਾਮਾਨ ਸਮੇਤ 3 ਲੱਖ ਰੁਪਏ ਦੀ ਚੋਰੀ

Monday, Aug 05, 2024 - 04:29 PM (IST)

ਸੋਨੇ ਚਾਂਦੀ ਦੇ ਸਾਮਾਨ ਸਮੇਤ 3 ਲੱਖ ਰੁਪਏ ਦੀ ਚੋਰੀ

ਮਲੋਟ (ਗੋਇਲ) : ਹਰਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਪਿੰਡ ਵੜਿੰਗਖੇੜਾ ਨੇ ਥਾਣਾ ਲੰਬੀ ਪੁਲਸ ਨੂੰ ਕੀਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਅਸੀਂ ਸਾਰਾ ਪਰਿਵਾਰ ਰੋਟੀ ਪਾਣੀ ਖਾ ਕੇ ਘਰ ਦੇ ਵਿਹੜੇ ਵਿਚ ਸੌਂ ਗਏ ਸੀ। ਸਵੇਰੇ ਕਰੀਬ 3 ਵਜੇ ਮੇਰਾ ਭਾਈ ਕੁਲਦੀਪ ਸਿੰਘ ਜਦ ਉੱਠਿਆ ਤਾਂ ਉਸਨੇ ਦੇਖਿਆ ਕਿ ਘਰ ਦੇ ਕਮਰਿਆਂ ਦੀਆਂ ਲਾਈਟਾਂ ਜਗ ਰਹੀਆਂ ਸਨ। ਉਸ ਨੇ ਮੈਨੂੰ ਉਠਾਇਆ ਅਤੇ ਅਸੀਂ ਦੋਹਾ ਨੇ ਜਦੋਂ ਕਮਰਿਆਂ ਅੰਦਰ ਜਾ ਕੇ ਵੇਖਿਆ ਤਾਂ ਕਮਰੇ ਵਿਚ ਪਈ ਅਲਮਾਰੀ ਦੇ ਸਾਮਾਨ ਕੱਪੜੇ ਵਗੈਰਾ ਖਿੱਲਰੇ ਪਏ ਸਨ, ਫਿਰ ਅਸੀਂ ਸਾਰੇ ਪਰਿਵਾਰ ਨੂੰ ਉਠਾ ਕੇ ਚੈੱਕ ਕੀਤਾ ਤਾਂ ਬਾਕੀ ਕਮਰਿਆਂ ਦੀਆਂ ਅਲਮਾਰੀਆਂ ’ਚੋਂ ਵੀ ਸਾਮਾਨ ਖਿੱਲਰਿਆ ਪਿਆ ਸੀ।

ਅਸੀਂ ਅਲਮਾਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਮੇਰੇ ਕਮਰੇ ਵਿਚ ਪਈ ਅਲਮਾਰੀ ’ਚੋਂ ਸੋਨੇ ਦੀਆਂ ਚਾਰ ਮੁੰਦਰੀਆਂ ਅਤੇ ਇਕ ਚੂੜੀ, ਇਕ ਚਾਂਦੀ ਦੀ ਚੂੜੀ ਅਤੇ 30 ਹਜ਼ਾਰ ਰੁਪਏ ਨਹੀਂ ਸਨ। ਉਸ ਤੋਂ ਬਾਅਦ ਕੁਲਦੀਪ ਸਿੰਘ ਦੇ ਕਮਰੇ ਵਿਚ ਪਈ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 10 ਹਜ਼ਾਰ ਰੁਪਏ ਨਹੀਂ ਸਨ ਅਤੇ ਫਿਰ ਮੇਰੇ ਛੋਟੇ ਭਰਾ ਮਲਕੀਤ ਸਿੰਘ ਦੇ ਕਮਰੇ ਵਿਚ ਪਈ ਅਲਮਾਰੀ ਚੈੱਕ ਕੀਤੀ ਤਾਂ ਉਸ ਵਿਚ ਵੀ 25 ਹਜ਼ਾਰ ਰੁਪਏ ਨਹੀਂ ਸਨ। ਅਸੀਂ ਤਿੰਨੇ ਭਰਾ ਇਕੱਠੇ ਰਹਿੰਦੇ ਹਾਂ ਅਤੇ ਸਾਡੇ ਤਿੰਨਾਂ ਭਰਾਵਾਂ ਦੇ ਕਮਰਿਆਂ ’ਚ ਕੋਈ ਨਾਮਲੂਮ ਵਿਅਕਤੀ ਉਕਤ ਸਾਮਾਨ ਚੋਰੀ ਕਰਕੇ ਲੈ ਗਏ ਹਨ, ਜਿਸ ਦੀ ਕੁੱਲ ਕੀਮਤ ਕਰੀਬ 3 ਲੱਖ ਬਣਦੀ ਹੈ। ਲੰਬੀ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News