ਸੋਨਾ ਦੇ ਗਹਿਣਿਆਂ ’ਤੇ ਲੋਨ ਲੈਣ ਆਏ ਵਿਅਕਤੀ, ਜਦੋਂ ਸੱਚਾਈ ਸਾਹਮਣੇ ਆਈ ਤਾਂ ਉੱਡੇ ਹੋਸ਼
Saturday, May 20, 2023 - 05:58 PM (IST)
ਦੋਰਾਹਾ (ਵਿਨਾਇਕ) : ਸੋਨੇ ਦੇ ਅਸਲੀ ਗਹਿਣਿਆਂ ਦੀ ਥਾਂ ਨਕਲੀ ਰੱਖ ਕੇ ਇਕ ਕੰਪਨੀ ਨੂੰ ਸਾਢੇ 6 ਲੱਖ ਰੁਪਏ ਦਾ ਚੂਨਾ ਲਗਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪੁਲਸ ਨੇ ਤਿੰਨ ਨੌਸਰਬਾਜ਼ਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਬਾਅਦ ਵਿਚ ਮੁਲਜ਼ਮਾਂ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਥੂਹੀ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ, ਰਣਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਮਕਾਨ ਨੰਬਰ 217 ਪਿੰਡ ਭੁੱਟਾ ਜ਼ਿਲ੍ਹਾ ਲੁਧਿਆਣਾ ਅਤੇ ਗੁਰਦੀਸ ਬਾਜਵਾ ਵਾਸੀ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ। ਇਸ ਸਬੰਧੀ ਰੋਹਿਤ ਕੌਸ਼ਲ ਪੁੱਤਰ ਸੁਨੀਲ ਕੌਸ਼ਲ, ਮੈਨੇਜਰ ਮੁਥੂਟ ਫਿਨਕਾਰਪ ਲਿਮਟਿਡ, ਦੋਰਾਹਾ ਬ੍ਰਾਂਚ, ਵਾਸੀ ਮਕਾਨ ਨੰਬਰ 1313, ਮੁਹੱਲਾ ਨੱਚਲ, ਪਾਇਲ ਜ਼ਿਲ੍ਹਾ ਲੁਧਿਆਣਾ ਨੇ ਦੋਰਾਹਾ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਦੋਰਾਹਾ ਸ਼ਾਖਾ ਵਿਚ ਅੱਜ ਸਵੇਰੇ ਸਾਢੇ 11 ਵਜੇ ਕਰੀਬ ਜਦੋਂ ਬੈਠਾ ਕੰਮਕਾਰ ਕਰ ਰਿਹਾ ਸੀ ਤਾਂ ਉਕਤ ਤਿੰਨੋਂ ਨੌਸਰਬਾਜ਼ ਉਸ ਕੋਲ ਆਏ ਅਤੇ ਉਸ ਕੋਲੋਂ ਸੋਨੇ ਤੇ ਲੋਨ ਦੇਣ ਦੀ ਮੰਗ ਕੀਤੀ।
ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਇਕ ਹਾਰ ਲੇਡੀਜ, ਇਕ ਜੋੜੀ ਝੁਮਕੇ, ਦੋ ਮੁੰਦਰੀਆਂ ਲੇਡੀਜ਼, ਇੱਕ ਚੈਨ ਸੋਨਾ, ਦੋ ਮੁੰਦਰੀਆਂ ਮਰਦਾਨਾ ਅਤੇ ਇਕ ਬਰੈਸਲੇਟ ਦਿੱਤੇ। ਜਿਨ੍ਹਾਂ ਦਾ ਕੁੱਲ ਵਜ਼ਨ 117.46 ਗ੍ਰਾਮ ਸੀ। ਜਦੋਂ ਉਸ ਨੇ ਸੋਨੇ ਦੀ ਸ਼ੁੱਧਤਾ ਦੀ ਜਾਂਚ ਕੀਤੀ ਤਾਂ ਸਾਰਾ ਸੋਨਾ ਨਕਲੀ ਨਿਕਲਿਆ। ਸ਼ਿਕਾਇਤਕਰਤਾ ਰੋਹਿਤ ਕੌਸ਼ਲ ਨੇ ਅੱਗੇ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਕੰਪਨੀ ਤੋਂ ਕਰਜ਼ਾ ਲੈਂਦਾ ਹੈ ਤਾਂ ਕੰਪਨੀ ਜਮ੍ਹਾਂ ਕਰਵਾਏ ਗਹਿਣਿਆਂ ਦੀ ਤਸਦੀਕ ਕਰਦੀ ਹੈ।
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ?
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ. ਐੱਸ. ਆਈ. ਮੋਹਨ ਲਾਲ ਨੇ ਦੱਸਿਆ ਕਿ ਦੋਰਾਹਾ ਪੁਲਸ ਨੇ ਮੁਲਜ਼ਮਾ ਖ਼ਿਲਾਫ ਧੋਖਾਧੜੀ ਦੀਆ ਧਾਰਾਵਾਂ 420,511,120 ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।