ਕਪੂਰਥਲਾ: ਮੁਰਾਰ ਦੇ ਗੋਬਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ

04/03/2018 12:56:24 PM

ਕਪੂਰਥਲਾ (ਮਲਹੋਤਰਾ, ਰਜਿੰਦਰ)— ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਵੱਲੋਂ ਇਰਾਕ ਦੇ ਮੌਸੂਲ ਸ਼ਹਿਰ ਵਿਖੇ ਮਾਰੇ ਗਏ 39 ਭਾਰਤੀਆਂ 'ਚੋਂ ਕਪੂਰਥਲਾ ਦੇ ਪਿੰਡ ਮੁਰਾਰ ਦੇ ਗੋਬਿੰਦਰ ਸਿੰਘ ਨੂੰ ਸੋਮਵਾਰ ਅੰਤਿਮ ਵਿਦਾਇਗੀ ਦਿੱਤੀ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤੇ ਗਏ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਭਾਰੀ ਗਿਣਤੀ 'ਚ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਰਾਹੁਲ ਚਾਬਾ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਰਧਾਂਜਲੀ ਦਿੱਤੀ ੱਅਤੇ ਪਰਿਵਾਰ ਨੂੰ ਜ਼ਰੂਰੀ ਦਸਤਾਵੇਜ਼ ਤੇ ਰਿਪੋਰਟਾਂ ਸੌਂਪੀਆਂ। ਉਨ੍ਹਾਂ ਤੋਂ ਇਲਾਵਾ ਐੱਸ. ਪੀ. ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਸੰਦੀਪ ਸਿੰਘ ਮੰਡ, ਨਾਇਬ ਤਹਿਸੀਲਦਾਰ ਢਿਲਵਾਂ ਗੁਰਸੇਵਕ ਚੰਦ ਅਤੇ ਹੋਰ ਅਧਿਕਾਰੀਆਂ ਨੇ ਵੀ ਅੰਤਿਮ ਵਿਦਾਇਗੀ ਦਿੱਤੀ। 
ਇਸ ਮੌਕੇ ਗੋਬਿੰਦਰ ਸਿੰਘ ਦੇ ਪਿਤਾ ਬਲਜਿੰਦਰ ਸਿੰਘ, ਪਤਨੀ ਅਮਰਜੀਤ ਕੌਰ, ਭਰਾ ਦਵਿੰਦਰ ਸਿੰਘ ਤੇ ਮਹਿੰਦਰ ਸਿੰਘ, ਸਤਬੀਰ ਸਿੰਘ, ਗੁਰਮੁਖ ਸਿੰਘ, ਸੁਰਿੰਦਰ ਸੈਣੀ 'ਚਾਈਲਡ ਹੈਲਪ ਲਾਈਨ', ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਲਿਟਾਂ, ਕਾਂਗਰਸ ਆਗੂ ਲਖਵਿੰਦਰ ਸਿੰਘ ਹਮੀਰਾ, ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਡਾ. ਰਜਿੰਦਰ ਮੱਟੂ ਤੋਂ ਇਲਾਵਾ ਪਿੰਡ ਮੁਰਾਰ, ਧੀਰਪੁਰ, ਮੱਲ੍ਹੀਆਂ, ਖੱਸਣ, ਹਮੀਰਾ, ਦਿਆਲਪੁਰ, ਡੋਗਰਾਂਵਾਲ, ਕੁੱਦੋਵਾਲ ਤੇ ਲਾਗਲੇ ਹੋਰਨਾਂ ਪਿੰਡਾਂ ਦੇ ਲੋਕ ਭਾਰੀ ਗਿਣਤੀ ਵਿਚ ਮੌਜੂਦ ਸਨ।


Related News