ਮੋਹਾਲੀ ''ਚ ਮਕਾਨ ਸੀਲ ਕਰਨ ਆਈ ਟੀਮ ਨੇ ਡੇਢ ਸਾਲਾ ਬੱਚਾ ਅੰਦਰ ਡੱਕਿਆ, ਬਾਅਦ ''ਚ ਇੱਟਾਂ ਨਾਲ ਤੋੜਿਆ ਤਾਲਾ (ਤਸਵੀਰਾਂ)

09/01/2017 1:12:58 PM

ਮੋਹਾਲੀ (ਕੁਲਦੀਪ) : ਫੇਜ਼-11 ਵਿਚ ਵੀਰਵਾਰ ਨੂੰ ਇਕ ਗੈਰ-ਕਾਨੂੰਨੀ ਕਬਜ਼ੇ ਵਾਲੇ ਮਕਾਨ ਨੂੰ ਸੀਲ ਕਰਨ ਗਈ ਗਮਾਡਾ ਦੀ ਟੀਮ ਨੂੰ ਫਿਰ ਬੇਰੰਗ ਵਾਪਸ ਜਾਣਾ ਪਿਆ । ਜਿਵੇਂ ਹੀ ਗਮਾਡਾ ਦੀ ਟੀਮ ਨੇ ਮਕਾਨ ਨੂੰ ਤਾਲਾ ਲਾਇਆ ਤਾਂ ਕੁਝ ਹੀ ਦੇਰ ਵਿਚ ਮਕਾਨ ਵਿਚ ਰਹਿ ਰਹੀ ਔਰਤ ਬਾਹਰ ਆਈ ਤੇ ਉਸ ਨੇ ਘਰ ਨੂੰ ਤਾਲਾ ਲਾਉਂਦੇ ਵੇਖ ਕੇ ਰੌਲਾ ਪਾ ਦਿੱਤਾ ਕਿ ਉਸ ਦਾ ਡੇਢ ਸਾਲ ਦਾ ਬੱਚਾ ਮਕਾਨ ਅੰਦਰ ਹੀ ਬੰਦ ਕਰ ਦਿੱਤਾ ਗਿਆ ਹੈ । ਛੋਟਾ ਬੱਚਾ ਮਕਾਨ ਅੰਦਰ ਹੋਣ ਦੀ ਗੱਲ ਸੁਣ ਕੇ ਪੁਲਸ ਤੇ ਗਮਾਡਾ ਅਧਿਕਾਰੀਆਂ 'ਚ ਖਲਬਲੀ ਮਚ ਗਈ । ਪੁਲਸ ਨੇ ਇੱਟ ਦੀ ਮਦਦ ਨਾਲ ਤਾਲਾ ਤੋੜ ਕੇ ਬੱਚਾ ਬਾਹਰ ਕੱਢਿਆ । ਮਕਾਨ ਵਿਚ ਰਹਿ ਰਹੀ ਗੁਰਪ੍ਰੀਤ ਕੌਰ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਮਾਰਕੀਟ ਗਈ ਸੀ ਤੇ ਉਸ ਦਾ ਡੇਢ ਸਾਲ ਦਾ ਬੱਚਾ ਕਿਰਨਦੀਪ ਸਿੰਘ ਘਰ ਵਿਚ ਹੀ ਸੁੱਤਾ ਪਿਆ ਸੀ । 
ਗਮਾਡਾ ਅਧਿਕਾਰੀਆਂ ਨੇ ਦੱਸਿਆ ਡਰਾਮੇਬਾਜ਼ੀ 
ਜਦੋਂ ਗਮਾਡਾ ਦੇ ਇਨਫੋਰਸਮੈਂਟ ਵਿੰਗ ਦੇ ਈ. ਓ. ਮਹੇਸ਼ ਕੁਮਾਰ ਬਾਂਸਲ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਵੇਰੇ 2 ਸਤੰਬਰ ਨੂੰ ਇਸ ਮਕਾਨਾਂ 'ਤੇ ਗ਼ੈਰ-ਕਾਨੂੰਨੀ ਕਬਜ਼ੇ ਸਬੰਧੀ ਕੇਸ ਲੱਗਿਆ ਹੋਇਆ ਹੈ, ਜਿਸ ਕਾਰਨ ਗਮਾਡਾ ਦੀ ਟੀਮ ਇਸ ਮਕਾਨ ਦਾ ਸਰਵੇਖਣ ਕਰਨ ਆਈ ਸੀ । ਜਦੋਂ ਟੀਮ ਨੇ ਵੇਖਿਆ ਕਿ ਮਕਾਨ ਖਾਲੀ ਹੈ ਤਾਂ ਉਨ੍ਹਾਂ ਨੇ ਦਰਵਾਜ਼ੇ ਨੂੰ ਤਾਲਾ ਲਾ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਸ ਸਮੇਂ ਮਕਾਨ ਅੰਦਰ ਕੋਈ ਬੱਚਾ ਨਹੀਂ ਸੀ । 
ਐੱਸ. ਐੱਚ. ਓ. ਪੁਲਸ ਫੋਰਸ ਸਮੇਤ ਪੁੱਜੇ 
ਮਕਾਨ ਅੰਦਰ ਬੱਚਾ ਬੰਦ ਹੋਣ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਜਿਸ ਦੌਰਾਨ ਪੁਲਸ ਸਟੇਸ਼ਨ ਫੇਜ਼-11 ਦੇ ਐੱਸ. ਐੱਚ. ਓ. ਅਮਨਪ੍ਰੀਤ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ ਤੇ ਤਾਲਾ ਤੋੜ ਕੇ ਬੱਚਾ ਬਾਹਰ ਕੱਢਿਆ ਗਿਆ ।  
ਦੋ ਮਕਾਨਾਂ ਦੀ ਅੰਦਰੂਨੀ ਕੰਧ ਤੋੜ ਕੇ ਇਕ ਕੀਤਾ ਹੋਇਆ ਹੈ ਮਕਾਨ 
ਗਮਾਡਾ ਅਧਿਕਾਰੀ ਬਾਂਸਲ ਨੇ ਦੱਸਿਆ ਕਿ ਹਕੀਕਤ ਇਹ ਹੈ ਕਿ ਕਾਬਜ਼ਕਾਰ ਨੇ ਮਕਾਨ ਨੰਬਰ 1423 /15 ਤੇ 16 ਦੀ ਅੰਦਰੂਨੀ ਦੀਵਾਰ ਤੋੜ ਕੇ ਇਕ ਮਕਾਨ ਹੀ ਬਣਾਇਆ ਹੋਇਆ ਹੈ । ਬਾਹਰੋਂ ਦੇਖਣ ਵਿਚ ਇਕ ਮਕਾਨ ਲੱਗਦਾ ਹੈ ਪਰ ਇਕ ਦੀ ਐਂਟਰੀ ਪਿੱਛੇ ਤੋਂ ਹੈ । ਉਨ੍ਹਾਂ ਕਿਹਾ ਕਿ ਇਸ ਮਕਾਨ ਦੀ ਅੰਦਰੂਨੀ ਕੰਧ ਤੋੜ ਕੇ ਇਕ ਮਕਾਨ ਬਣਾਉਣ ਦੀ ਹਕੀਕਤ ਵੀ ਹਾਈ ਕੋਰਟ ਵਿਚ ਦੱਸੀ ਜਾਵੇਗੀ । ਮਕਾਨ ਨੂੰ ਸੀਲ ਲਾਉਣ ਬਾਰੇ ਬਾਂਸਲ ਨੇ ਕਿਹਾ ਕਿ ਮਕਾਨ ਨੂੰ ਸੀਲ ਨਹੀਂ ਕੀਤਾ ਗਿਆ ।


Related News