ਗਲੈਂਡਰਜ਼ : ਘੋੜਿਆਂ ਅਤੇ ਮਨੁੱਖਾਂ ਲਈ ਮਾਰੂ

02/23/2018 11:15:52 PM

ਰੂਪਨਗਰ, (ਵਿਜੇ)- ਪੰਜਾਬ ਵਿਚ ਇਕ ਪਾਸੇ ਜਿਥੇ ਹੋਲੇ ਮਹੱਲੇ ਦਾ ਚਾਅ ਅਤੇ ਉਤਸ਼ਾਹ ਜੋਬਨ 'ਤੇ ਹੈ, ਉਥੇ ਹੀ ਗਲੈਂਡਰਜ਼ ਨਾਂ ਦੀ ਬੀਮਾਰੀ ਦਾ ਡਰ ਵੀ ਫੈਲ ਰਿਹਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਿਪਟੀ ਡਾਇਰੈਕਟਰ ਡਾ. ਵਿਪਨ ਕੁਮਾਰ ਰਾਮਪਾਲ ਨੇ ਇਹ ਪ੍ਰਗਟਾਵਾ ਕਰਦਿਆਂ ਅਪੀਲ ਕੀਤੀ ਕਿ ਮੇਲੇ ਵਿਚ ਸ਼ਾਮਲ ਹੋ ਰਹੇ ਸਾਰੇ ਘੋੜਿਆਂ ਦੀ ਗਲੈਂਡਰਜ਼ ਲਈ ਟੈਸਟਿੰਗ ਯਕੀਨੀ ਬਣਾਈ ਜਾਵੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਬੀਮਾਰੀ ਕੀ ਹੈ ਅਤੇ ਕਿਉਂ ਇਸ ਦੀ ਟੈਸਟਿੰਗ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ? ਇਸ ਬੀਮਾਰੀ ਦੇ ਸਬੰਧ 'ਚ ਡਾ. ਅਪਰਨਾ, ਸਹਾਇਕ ਪ੍ਰੋਫੈਸਰ (ਲਾਈਵਸਟੌਕ ਪ੍ਰੋਡਕਸ਼ਨ) ਨੇ ਵਿਸਥਾਰ ਨਾਲ ਦੱਸਿਆ ਕਿ ਗਲੈਂਡਰਜ਼ ਘੋੜਾ ਜਾਤੀ ਦੇ ਜਾਨਵਰਾਂ (ਘੋੜੇ, ਖੱਚਰ, ਗਧੇ) ਦੀ ਤੇਜ਼ੀ ਨਾਲ ਫੈਲਣ ਵਾਲੀ ਛੂਤ ਦੀ ਬੀਮਾਰੀ ਹੈ, ਜਿਹੜੀ ਕਿ ਬੈਕਟੀਰੀਆ ਦੁਆਰਾ ਹੁੰਦੀ ਹੈ। 
ਮਨੁੱਖਾਂ 'ਚ ਬੀਮਾਰੀ ਦੇ ਲੱਛਣ
ਇਸ ਬੀਮਾਰੀ ਨਾਲ ਬੁਖਾਰ, ਬਲਗਮ, ਪੀਲੀਆ, ਗੱਠੀਏ ਦੀ ਦਰਦ, ਚਿਹਰੇ 'ਤੇ ਸੋਜ ਨਾਲ ਜ਼ਖਮ, ਫੇਫੜਿਆਂ ਵਿਚ ਫੋੜੇ ਅਤੇ ਖੂਨ ਵਿਚ ਪੀਕ ਦੇ ਕਣ ਵਰਗੀਆਂ ਅਲਾਮਤਾਂ ਪੇਸ਼ ਆਉਂਦੀਆਂ ਹਨ। ਇਸ ਬੀਮਾਰੀ ਤੋਂ ਬਚਾਅ ਦਾ ਕੋਈ ਟੀਕਾ ਨਹੀਂ ਹੈ ਅਤੇ ਜੇ ਇਹ ਬੀਮਾਰੀ ਪਸ਼ੂ ਨੂੰ ਹੋ ਜਾਵੇ ਤਾਂ ਪਸ਼ੂ ਨੂੰ ਮਾਰਨਾ ਹੀ ਪੈਂਦਾ ਹੈ ਤਾਂ ਜੋ ਬੀਮਾਰੀ ਫੈਲ ਨਾ ਸਕੇ। ਗਲੈਂਡਰਜ਼ ਅਤੇ ਫਾਰਸੀ ਐਕਟ 1888 ਅਧੀਨ ਇਹ ਇਕ ਨੋਟੀਫਾਈਡ ਬੀਮਾਰੀ ਹੈ।
ਬੀਮਾਰੀ ਪਸ਼ੂਆਂ ਤੋਂ ਮਨੁੱਖਾਂ ਨੂੰ ਵੀ ਫੈਲਣ ਦਾ ਖਤਰਾ
ਮਾਹਿਰ ਡਾਕਟਰਾਂ ਅਨੁਸਾਰ ਇਹ ਬੀਮਾਰੀ ਪਸ਼ੂਆਂ ਤੋਂ ਮਨੁੱਖਾਂ ਨੂੰ ਵੀ ਹੋ ਸਕਦੀ ਹੈ। ਇਹ ਬੀਮਾਰੀ ਸਾਹ ਰਾਹੀਂ ਫੈਲਦੀ ਹੈ। ਇੱਥੋਂ ਤੱਕ ਕਿ ਪਸ਼ੂ ਦੇ ਜ਼ਖਮਾਂ 'ਚੋਂ ਰਿਸਣ ਵਾਲੀ ਪੀਕ ਜਾਂ ਬੀਮਾਰ ਜਾਨਵਰ ਦੇ ਮਲਮੂਤਰ ਨੂੰ ਛੂਹਣ ਨਾਲ ਵੀ ਇਹ ਬੀਮਾਰੀ ਮਨੁੱਖਾਂ ਨੂੰ ਹੋ ਸਕਦੀ ਹੈ। 
ਇਹ ਹੁੰਦੇ ਹਨ ਲੱਛਣ
-ਪਸ਼ੂਆਂ ਦੀ ਸਾਹ ਪ੍ਰਣਾਲੀ ਦੇ ਉੱਪਰਲੇ ਹਿੱਸੇ, ਫੇਫੜਿਆਂ ਅਤੇ ਚਮੜੀ ਉੱਪਰ ਜ਼ਖਮ ਬਣ ਜਾਂਦੇ ਹਨ।
-ਕਾਫੀ ਤੇਜ਼ ਬੁਖਾਰ ਦੇ ਨਾਲ ਨੱਕ ਦੇ ਅੰਦਰ ਲਾਲ ਰੰਗ ਦੇ ਭੱਦੇ ਜ਼ਖਮ ਬਣ ਜਾਂਦੇ ਹਨ, ਜਿਨ੍ਹਾਂ 'ਚੋਂ ਸੰਘਣੀ ਪੀਕ ਵਗਦੀ ਹੈ।
-ਪਸ਼ੂ ਨੂੰ ਨਿਮੋਨੀਆ ਵੀ ਹੋ ਜਾਂਦਾ ਹੈ। 
-ਠੀਕ ਹੋ ਚੁੱਕੇ ਜ਼ਖਮਾਂ ਦੀ ਥਾਂ 'ਤੇ ਖਰਿੰਡ ਬਣ ਜਾਂਦੇ ਹਨ ਅਤੇ ਜਬਾੜੇ ਦੇ ਕੋਲ ਦੀਆਂ ਗ੍ਰੰਥੀਆਂ ਸੁੱਜ ਜਾਂਦੀਆਂ ਹਨ। ਇਹ ਖਾਸ ਤਰ੍ਹਾਂ ਦੀਆਂ ਗਿਲਟੀਆਂ, ਜ਼ਖਮ ਅਤੇ ਖਰਿੰਡ ਇਸ ਬੀਮਾਰੀ ਦੀ ਪਛਾਣ ਹਨ ਅਤੇ ਪੱਕੀ ਪਰਖ ਲਈ ਮੈਲੀਨ ਟੈਸਟ ਕਾਰਗਰ ਹੈ।
ਇੰਝ ਰੱਖੋ ਬਚਾਅ
-ਨਵੇਂ ਖਰੀਦੇ ਜਾਨਵਰ ਨੂੰ ਕੁਝ ਚਿਰ ਬਾਕੀ ਜਾਨਵਰਾਂ ਤੋਂ ਵੱਖ ਰੱਖੋ ਤਾਂ ਜੋ ਅਲਾਮਤ ਦਾ ਪਤਾ ਲੱਗ ਸਕੇ। ਪਸ਼ੂ ਤੰਦਰੁਸਤ ਹੋਵੇ ਤਾਂ ਹੀ ਉਸ ਨੂੰ ਬਾਕੀਆਂ ਨਾਲ ਰਲਾਓ। 
-ਸਮੇਂ-ਸਮੇਂ 'ਤੇ ਸਾਰੇ ਪਸ਼ੂਆਂ ਦੀ ਇਸ ਬੀਮਾਰੀ ਬਾਰੇ ਜਾਂਚ ਕਰਵਾਉਂਦੇ ਰਹੋ।
-ਗਲੈਂਡਰਜ਼ ਹੋਣ ਕਾਰਨ ਮਰੇ ਜਾਨਵਰ ਨੂੰ ਉਸ ਦੇ ਕੀਟਾਣੂ ਯੁਕਤ ਪਦਾਰਥਾਂ ਅਤੇ ਸਰੀਰ ਨੂੰ ਸਾੜ ਦੇਣਾ ਚਾਹੀਦਾ ਹੈ।
-ਬੀਮਾਰ ਜਾਨਵਰ ਦੇ ਨਾਲ ਦੇ ਜਾਨਵਰਾਂ ਦੀ ਅਤੇ ਦੇਖਭਾਲ ਕਰ ਰਹੇ ਬੰਦਿਆਂ ਦੀ ਟੈਸਟਿੰਗ ਹੋਣੀ ਵੀ ਜ਼ਰੂਰੀ ਹੈ।


Related News