ਪਰਿਵਾਰ ਨੂੰ ਮਿਲਣ ਦੀ ਰੀਝ ਰਹੀ ਅਧੂਰੀ, ਛੁੱਟੀ ਲੈ ਕੇ ਘਰ ਪਰਤ ਰਹੇ ਜਵਾਨ ਦੀ ਰਸਤੇ ''ਚ ਮੌਤ
Saturday, Dec 21, 2019 - 06:46 PM (IST)
![ਪਰਿਵਾਰ ਨੂੰ ਮਿਲਣ ਦੀ ਰੀਝ ਰਹੀ ਅਧੂਰੀ, ਛੁੱਟੀ ਲੈ ਕੇ ਘਰ ਪਰਤ ਰਹੇ ਜਵਾਨ ਦੀ ਰਸਤੇ ''ਚ ਮੌਤ](https://static.jagbani.com/multimedia/2019_12image_18_24_018645419gdp.jpg)
ਗੁਰਦਾਸਪੁਰ (ਵਿਨੋਦ) : ਦੁਨੀਆ ਦੇ ਸਭ ਤੋਂ ਉੱਚੇ ਅਤੇ ਭਿਆਨਕ ਯੁੱਧ ਖੇਤਰ ਗਲੇਸ਼ੀਅਰ ਵਿਚ ਤਾਇਨਾਤ ਸੈਨਾ ਦੀ 5 ਡੋਗਰਾ ਯੂਨਿਟ ਦੇ 22 ਸਾਲਾ ਸਿਪਾਹੀ ਅਰੁਣਜੀਤ ਕੁਮਾਰ ਨਿਵਾਸੀ ਸਰਹੱਦੀ ਪਿੰਡ ਫਰਵਾਲ ਜੋ ਕਿ 18 ਦਸੰਬਰ ਨੂੰ ਛੁੱਟੀ ਲੈ ਕੇ ਘਰ ਆ ਰਿਹਾ ਸੀ, ਜਦੋਂ ਉਹ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚਿਆ ਤਾਂ ਜਹਾਜ਼ ਤੋਂ ਉਤਰਦੇ ਹੀ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ। ਜਿਸ ਦੇ ਚਲਦੇ ਉਸ ਨੇ ਆਪਣੇ ਘਰ ਫੋਨ ਕੀਤਾ ਤਾਂ ਉਸ ਦਾ ਵੱਡਾ ਭਰਾ ਅਮਰਜੀਤ ਚੰਡੀਗੜ੍ਹ ਪਹੁੰਚਿਆ ਅਤੇ ਉਸ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੇ ਇਸ ਦੀ ਸੂਚਨਾ ਫੌਜ ਦੀ ਯੂਨਿਟ ਨੂੰ ਦਿੱਤੀ ਤਾਂ ਯੂਨਿਟ ਦੇ ਸੂਬੇਦਾਰ ਨਰਿੰਦਰ ਸਿੰਘ ਜੋ ਚੰਡੀਗੜ੍ਹ 'ਚ ਹੀ ਤਾਇਨਾਤ ਸੀ ਨੇ ਛੇਤੀ ਹਸਪਤਾਲ ਪਹੁੰਚੇ ਅਤੇ ਸਿਪਾਹੀ ਅਰੁਣਜੀਤ ਕੁਮਾਰ ਨੂੰ ਲੈ ਕੇ ਚੰਡੀਗੜ੍ਹ ਸਥਿਤ ਸੈਨਾ ਦੇ ਕਮਾਂਡ ਹਸਪਤਾਲ ਪਹੁੰਚੇ, ਜਿਥੇ ਅਰੁਣਜੀਤ ਕੁਮਾਰ ਨੇ 20 ਦਸੰਬਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ।
ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣਦੇ ਹੀ ਮਾਂ ਨੀਲਮ ਦੇਵੀ ਤੇ ਪਿਤਾ ਦਰਸ਼ਨ ਕੁਮਾਰ ਆਪਣੇ ਹੋਸ਼ ਖੋ ਬੈਠੇ। ਦੋ ਭਰਾਵਾਂ ਤੇ ਦੋ ਭੈਣਾਂ ਵਿਚ ਅਰੁਣਜੀਤ ਦੂਜੇ ਨੰਬਰ 'ਤੇ ਸੀ। ਵੱਡਾ ਭਰਾ ਅਮਰਜੀਤ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਪਿਤਾ ਦਰਸ਼ਨ ਕੁਮਾਰ ਮਜ਼ਦੂਰੀ ਕਰਦਾ ਹੈ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਸਿਪਾਹੀ ਅਰੁਣਜੀਤ ਦੀ ਲਾਸ਼ ਦੇਰ ਰਾਤ ਪਠਾਨਕੋਟ ਮਿਲਟਰੀ ਹਸਪਤਾਲ ਵਿਚ ਪਹੁੰਚੇਗੀ, ਜਿਥੇ ਰਾਤ ਰੱਖਣ ਤੋਂ ਬਾਅਦ ਸਵੇਰੇ ਉਨ੍ਹਾਂ ਦੇ ਪਿੰਡ ਫਰਵਾਲ ਲਿਜਾਇਆ ਜਾਵੇਗਾ। ਜਿਥੇ ਐਤਵਾਰ ਨੂੰ 11 ਵਜੇ ਸੈਨਿਕ ਸਨਮਾਨ ਨਾਲ ਸਿਪਾਹੀ ਅਰੁਣਜੀਤ ਕੁਮਾਰ ਦਾ ਸਸਕਾਰ ਕੀਤਾ ਜਾਵੇਗਾ।