ਜੀ. ਕੇ. ਤੇ ਸਾਥੀਆਂ ਨੂੰ ਤਲਬ ਕਰਨ ਲਈ ਸਰਨਾ ਨੇ ਗਿ. ਹਰਪ੍ਰੀਤ ਸਿੰਘ ਨੂੰ ਭੇਜਿਆ ਪੱਤਰ
Sunday, Jan 20, 2019 - 09:23 AM (IST)

ਅੰਮ੍ਰਿਤਸਰ (ਮਮਤਾ)— ਸ੍ਰੀ ਅਕਾਲ ਤਖਤ ਸਾਹਿਬ 'ਤੇ ਭਾਵੇਂ ਅਦਾਲਤਾਂ 'ਚ ਚੱਲਦੇ ਕੇਸਾਂ ਨੂੰ ਵਿਚਾਰਨਾ ਬੰਦ ਕੀਤਾ ਗਿਆ ਹੈ, ਫਿਰ ਵੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਉਸ ਦੇ ਸਾਥੀਆਂ ਵਿਰੁੱਧ ਗੁਰੂ ਕੀ ਗੋਲਕ ਨੂੰ ਲੁੱਟਣ ਦੇ ਦੋਸ਼ 'ਚ ਪੰਥਕ ਪ੍ਰੰਪਰਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਨਾ ਵੱਲੋਂ ਭਾਈ ਹਰਜੋਤ ਸਿੰਘ ਸੰਧੂ ਤੇ ਮਨਿੰਦਰ ਸਿੰਘ ਧੁੰਨਾ ਰਾਹੀਂ ਭੇਜੇ ਪੱਤਰ 'ਚ ਕਿਹਾ ਗਿਆ ਹੈ ਕਿ ਜੀ. ਕੇ., ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਤੇ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਨੇ ਬਾਕੀ ਕਾਰਜਕਾਰੀ ਮੈਂਬਰਾਂ ਦੀ ਮਿਲੀਭੁਗਤ ਨਾਲ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਕੇ ਗੁਰੂ ਕੀ ਗੋਲਕ ਨੂੰ ਲੱਖਾਂ ਹੀ ਨਹੀਂ, ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ, ਜਿਸ ਨੂੰ ਲੈ ਕੇ ਅਦਾਲਤ ਨੇ ਸਬੂਤਾਂ ਦੇ ਆਧਾਰ 'ਤੇ ਤਿੰਨਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਮਾਮਲਾ ਸੰਗੀਨ ਹੈ, ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ : ਜਥੇ. ਗਿ. ਹਰਪ੍ਰੀਤ ਸਿੰਘ-ਉਪਰੋਕਤ ਮਾਮਲੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਕਾਫੀ ਸੰਗੀਨ ਹੈ। ਇਸ ਉਤੇ ਉਹ ਮਰਿਆਦਾ ਅਨੁਸਾਰ ਕਾਰਵਾਈ ਜ਼ਰੂਰ ਕਰਨਗੇ ਪਰ ਇਸ ਤੋਂ ਪਹਿਲਾਂ ਪੜਤਾਲ ਵੀ ਜ਼ਰੂਰ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਗੁਰੂ ਘਰ ਦੀ ਲੁੱਟ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।