''ਆਪ'' ਨੂੰ ਮੌਕਾ ਦੇਣਾ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਡਾਕਾ ਮਾਰਨ ਲਈ ਸਹਿਮਤੀ ਦੇਣਾ : ਹਰਸਿਮਰਤ ਬਾਦਲ
Monday, Feb 14, 2022 - 11:32 PM (IST)
ਅਮਰਗੜ੍ਹ, ਮਾਲੇਰਕੋਟਲਾ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੁੰ ਮੌਕਾ ਦੇਣ ਦਾ ਮਤਲਬ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਖੋਹਣ ਲਈ ਹਸਤਾਖ਼ਰ ਕਰਨਾ ਹੈ ਅਤੇ ਇਸ ਨਾਲ ਅਕਾਲੀ ਦਲ ਵੱਲੋਂ ਸ਼ੁਰੂ ਵਿਚ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਵੀ ਬੰਦ ਹੋ ਜਾਣਗੀਆਂ। ਇਥੇ ਅਮਰਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਅਤੇ ਮਾਲੇਰਕੋਟਲਾ ਤੋਂ ਨੁਸਰਤ ਅਲੀ ਖਾਨ ਬੱਗਾ ਦੇ ਹੱਕ ਵਿਚ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐੱਮ. ਪੀ. ਨੇ ਉਹ ਹਲਫੀਆ ਬਿਆਨ ਵਿਖਾਇਆ ਜੋ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੁਪਰੀਮ ਕੋਰਟ ਵਿਚ ਦਾਇਰ ਕੀਤਾ ਹੈ ਤੇ ਕਿਹਾ ਕਿ ਇਹ ਸਬੂਤ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਖੋਹ ਕੇ ਦਿੱਲੀ ਅਤੇ ਹਰਿਆਣਾ ਨੂੰ ਦੇ ਦੇਵੇਗੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ, ਆਮ ਆਦਮੀ ਪਾਰਟੀ ਨੇ ਅਜਿਹੇ ਹੋਰ ਹਲਫੀਆ ਬਿਆਨ ਸੁਪਰੀਮ ਕੋਰਟ ਵਿਚ ਦਾਇਰ ਕੀਤ ਹਨ, ਜਿਨ੍ਹਾਂ ਵਿਚ ਮੰਗ ਕੀਤੀ ਹੈ ਕਿ ਸੂਬੇ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ ਅਤੇ ਪੰਜਾਬ ਦੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤੇ ਜਾਣ।
ਇਹ ਵੀ ਪੜ੍ਹੋ : ਮਾਵਾਂ ਤੇ ਭੈਣਾਂ ਵੱਲੋਂ ਦਿੱਤੇ ਪਿਆਰ ਨਾਲ ਵੱਡਾ ਬਲ ਮਿਲਿਆ, ਸੇਵਾ ਲਈ ਕਸਰ ਨਹੀਂ ਛੱਡਾਂਗਾ : ਬਿਕਰਮ ਮਜੀਠੀਆ
ਬੀਬਾ ਬਾਦਲ ਨੇ ਕਿਹਾ ਕਿ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿਹੜੇ ਦਿੱਲੀ ਮਾਡਲ ਦਾ ਕੇਜਰੀਵਾਲ ਪ੍ਰਚਾਰ ਕਰ ਰਿਹਾ ਹੈ, ਉਸ ਵਿਚ ਕਿਸਾਨਾਂ ਲਈ ਮੁਫਤ ਬਿਜਲੀ ਦੀ ਕੋਈ ਥਾਂ ਨਹੀਂ ਹੈ ਤੇ ਨਾ ਹੀ ਇਹ ਦਿੱਲੀ ਵਿਚ ਲਾਗੂ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਮਾਡਲ ਤਹਿਤ ਆਟਾ ਦਾਲ, ਬੁੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਵਰਗੇ ਲਾਭ ਸਮਾਜ ਦੇ ਕਮਜ਼ੋਰ ਵਰਗਾਂ ਨੁੰ ਨਹੀਂ ਦਿੱਤੇ ਜਾਣਗੇ। ਬੀਬੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਬਠਿੰਡਾ ਦੇ ਐੱਮ. ਪੀ. ਨੇ ਕਾਂਗਰਸ ਪਾਰਟੀ ਵੱਲੋਂ ਪਿਛਲੇ ਪੰਜ ਸਾਲਾਂ ਵਿਚ ਪੰਜਾਬੀਆਂ ਲਈ ਕੁਝ ਵੀ ਨਾ ਕਰਨ ਦੀ ਪੋਲ ਵੀ ਖੋਲ੍ਹ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਸੱਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਰਕਾਰ ਬਣਾਉਣ ਮਗਰੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਵਿਸਾਰ ਦਿੱਤਾ ਭਾਵੇਂ ਉਹ ਕਿਸਾਨਾਂ ਲਈ ਪੂਰਨਾ ਕਰਜ਼ਾ ਮੁਆਫੀ ਸੀ, ਨੌਜਵਾਨਾਂ ਨੁੰ ਰੋਜ਼ਗਾਰ ਦੇਣਾ, ਬੁਢਾਪਾ ਪੈਨਸ਼ਨ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨਾ ਜਾਂ ਫਿਰ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51000 ਰੁਪਏ ਕਰਨਾ ਸੀ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਗਰੀਬ ਮੁੱਖ ਮੰਤਰੀ ਹੋਣ ਦੇ ਦਾਅਵੇ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਚੰਨੀ ਦਾ ਦਾਅਵਾ ਉਸ ਦੇ ਭਾਣਜੇ ਹਨੀ ਦੇ ਘਰੋਂ 11 ਕਰੋੜ ਰੁਪਏ ਨਕਦ ਤੇ ਭਾਰੀ ਮਾਤਰਾ ਵਿਚ ਸੋਨੇ ਤੋਂ ਇਲਾਵਾ 56 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਕਾਗਜ਼ ਮਿਲਣ ਨਾਲ ਬੇਨਕਾਬ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ
ਲੋਕਾਂ ਨੂੰ ਚੰਨੀ ਅਤੇ ਕਾਂਗਰਸ ਪਾਰਟੀ ਨੂੰ ਠੁਕਰਾਉਣ ਦੀ ਅਪੀਲ ਕਰਦਿਆਂ ਬੀਬਾ ਬਾਦਲ ਨੇ ਮੁੱਖ ਮੰਤਰੀ ਵੱਲੋਂ ਐੱਸ. ਸੀ. ਭਾਈਚਾਰੇ ਲਈ ਨਾ ਡਟਣ ਦੀ ਵੀ ਨਿਖੇਧੀ ਕੀਤੀ ਤੇ ਦੱਸਿਆ ਕਿ ਜਦੋਂ ਸਾਧੂ ਸਿੰਘ ਧਰਮਸੋਤ ਨੇ ਐੱਸ. ਸੀ. ਸਕਾਲਰਸ਼ਿਪ ਦੇ 64 ਕਰੋੜ ਰੁਪਏ ਦਾ ਘੁਟਾਲਾ ਕੀਤਾ ਤਾਂ ਚੰਨੀ ਨੇ ਇਕ ਵਾਰ ਵੀ ਭਾਈਚਾਰੇ ਦੇ ਵਿਦਿਆਰਥੀਆਂ ਲਈ ਆਵਾਜ਼ ਬੁਲੰਦ ਨਹੀਂ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੀ ਕਸਵੱਟੀ ’ਤੇ ਪਰਖੇ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਵੋਟਾਂ ਪਾਉਣ। ਉਨ੍ਹਾਂ ਕਿਹਾ ਕਿ ਇਹ ਗਠਜੋੜ ਸਰਕਾਰ ਬੀ. ਪੀ. ਐੱਲ. ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ, ਹਰ ਮਹੀਨੇ ਘਰੇਲੂ ਖਪਤਕਾਰਾਂ ਨੂੰ 400 ਯੁੂਨਿਟ ਮੁਫਤ ਬਿਜਲੀ ਦੇੇਵਗੀ, ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਦਾ ਸਟੂਡੈਂਟ ਕਾਰਡ, ਹਰੇਕ ਲਈ 10 ਲੱਖ ਰੁਪਏ ਦਾ ਮੈਡੀਕਲ ਬੀਮਾ, ਇਕ ਲੱਖ ਸਰਕਾਰੀ ਨੌਕਰੀਆਂ, 10 ਲੱਖ ਪ੍ਰਾਈਵੇਟ ਨੌਕਰੀਆਂ, ਬੇਘਰਿਆਂ ਨੂੰ 5 ਲੱਖ ਘਰ ਅਤੇ ਲੋੜਵੰਦਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇੇਵੇਗੀ।