ਕੁੜੀਆਂ ਤੇਜ਼ਾਬ ਵਿਚ ਝੁਲਸਣ ਨੂੰ ਨਹੀਂ ਹੁੰਦੀਆਂ : ਰੇਸ਼ਮਾ ਬਾਨੋ ਕੁਰੈਸ਼ੀ

Tuesday, Apr 14, 2020 - 12:57 PM (IST)

ਕੁੜੀਆਂ ਤੇਜ਼ਾਬ ਵਿਚ ਝੁਲਸਣ ਨੂੰ ਨਹੀਂ ਹੁੰਦੀਆਂ : ਰੇਸ਼ਮਾ ਬਾਨੋ ਕੁਰੈਸ਼ੀ

ਹਰਪ੍ਰੀਤ ਸਿੰਘ ਕਾਹਲੋਂ

ਉਹ 23 ਸਾਲ ਦੀ ਕੁੜੀ ਹੈ। ਨਹਾਇਤ ਹੀ ਸੋਹਣੀ, ਉਮੀਦ ਨਾਲ ਭਰੀ ਕਵਿਤਾ ਵਰਗੀ। ਅੰਮ੍ਰਿਤਸਰ ਮਾਝਾ ਹਾਊਸ ‘ਚ ਰੇਸ਼ਮਾ ਬਾਨੋ ਕੁਰੈਸ਼ੀ ਨੂੰ ਮਿਲਿਆ। ਇਹ ਮੁਲਾਕਾਤ ਬਹੁਤ ਪਿਆਰੀ ਸੀ। ਰੇਸ਼ਮਾ ਨੂੰ ਵੇਖ ਯਕੀਨ ਹੁੰਦਾ ਕਿ ਕੁੜੀਆਂ ਤਾਂ ਨਿਰੀਆਂ ਕਵਿਤਾਵਾਂ ਹੁੰਦੀਆਂ ਹਨ।

ਰੇਸ਼ਮਾ ਬਾਨੋ
ਕੁਰੈਸ਼ੀ ਨੂੰ ਜਾਣਦਿਆਂ, ਉਸ ਦੇ ਨਾਲ ਤੁਰਦਿਆਂ ਸਮਾਜ ‘ਚ ਇਕ ਯਕੀਨ ਬਣਨਾ ਚਾਹੀਦਾ ਹੈ ਕਿ ਇਨ੍ਹਾਂ ਕੁੜੀਆਂ ਦੇ ਹਿੱਸੇ ਤ੍ਰਾਸਦੀਆਂ ਨਾ ਹੋਣ ਅਜਿਹਾ ਮਾਹੌਲ ਅਸਾਂ ਸਭ ਨੇ ਮਿਲਕੇ ਬਣਾਉਣਾ ਹੈ।

ਮੇਰਾ ਬਚਪਨ 
ਅੱਬਾ, ਅੰਮੀ, ਰਿਆਜ਼, ਇਜ਼ਾਜ਼, ਨਰਗਿਸ ਅਤੇ ਗੁਲਸ਼ਨ ਸੰਗ ਮੈਂ ਤੇ ਮੇਰਾ ਪਰਿਵਾਰ ਮੁੰਬਈ ‘ਚ ਰਹਿੰਦਾ ਸੀ। ਮੈਂ ਆਪਣੇ ਚਾਰ ਭੈਣ ਭਰਾਵਾਂ ‘ਚ ਸਭ ਤੋਂ ਨਿੱਕੀ ਹਾਂ। ਨਿੱਕੇ ਹੋਣ ਕਰਕੇ ਮੇਰੇ ਹਿੱਸੇ ਸਭ ਤੋਂ ਵੱਧ ਪਿਆਰ ਆਇਆ। ਸਾਡੇ ਸਮਾਜ ‘ਚ ਕੁੜੀਆਂ ਪਰਿਵਾਰ ‘ਚ ਜਾਇਦਾਦ ਹੁੰਦੀਆਂ ਹਨ। ਬੰਦੇ ਉਨ੍ਹਾਂ ਨੂੰ ਆਪਣੀ ਖਾਸ ਮਲਕੀਅਤ ਸਮਝਦੇ ਹਨ। ਚਾਹੇ ਉਹ ਕੁੜੀ ਹੋਵੇ, ਮਾਂ ਜਾਂ ਘਰਵਾਲੀ ਹੋਵੇ ਪਰ ਮੇਰੇ ਭਰਾਵਾਂ ਅਤੇ ਅੱਬਾ ਨੇ ਮੈਨੂੰ ਹਮੇਸ਼ਾ ਪਿਆਰ ਅਤੇ ਅਜ਼ਾਦੀ ਦਿੱਤੀ। ਮੇਰੇ ਅੱਬਾ ਅਤੇ ਭਰਾ ਟੈਕਸੀ ਡਰਾਈਵਰ ਹਨ ਅਤੇ ਉਨ੍ਹਾਂ ਮੇਰੀ ਹਰ ਖੁਸ਼ੀ ਦਾ ਸਬੱਬ ਬਣਾਇਆ। 13 ਅਕਤੂਬਰ 1996 ਨੂੰ ਮੇਰਾ ਜਨਮ ਚੰਦਾ ਹਸਪਤਾਲ ਚੈਂਬੂਰ ਹੋਇਆ। ਮੇਰੇ ਜਨਮ ਵੇਲੇ ਦਾ ਮੁੰਬਈ ਬਹੁਤ ਸ਼ਾਨਦਾਰ ਸੀ। ਮਾਸੀ ਸਲਮਾ ਦੱਸਦੀ ਹੁੰਦੀ ਹੈ ਕਿ ਉਸ ਸਾਲ ਮੁੰਬਈ ਦਾ ਮਾਨਸੂਨ ਕੋਈ ਬਹੁਤਾ ਵਧੀਆ ਨਹੀਂ ਸੀ। ਮਾਂ ਦੇ ਢਿੱਡ ‘ਚ ਮੈਂ ਸਾਂ ਅਤੇ ਮੇਰੀ ਉਡੀਕ ਪਰਿਵਾਰ ਨੂੰ ਨਵੀਂ ਖੁਸ਼ੀ ਦਿੰਦੀ ਸੀ। ਮੇਰੇ ਜਨਮ ਤੋਂ ਪਹਿਲਾਂ ਅੰਮੀ ਅਤੇ ਮਾਸੀ ਸਲਮਾ ਮੱਛੀ ਮਾਰਕਿਟ ਖਰੀਦਦਾਰੀ ਕਰਦੀਆਂ ਘੁੰਮ ਰਹੀਆਂ ਸਨ। ਅੰਮੀ ਨੂੰ ਚਾਣਚੱਕ ਪੀੜ ਉੱਠੀ ਅਤੇ ਥੌੜ੍ਹੀ ਦੇਰ ਤੱਕ ਮਾਸੀ ਸਲਮਾ ਦੀ ਮਦਦ ਨਾਲ ਮੱਛੀ ਬਾਜ਼ਾਰ ਤੋਂ ਹਸਪਤਾਲ ‘ਚ ਸੀ। ਉਨ੍ਹਾਂ ਗੱਲਾਂ ਨੂੰ ਮੁੜ ਮੁੜ ਯਾਦ ਕਰਦਿਆਂ ਅੱਜ ਮਹਿਸੂਸ ਹੁੰਦਾ ਹੈ ਕਿ ਮੁੰਬਈ ਬਦਲ ਗਿਆ, ਪਰਿਵਾਰ ਬਦਲ ਗਿਆ, ਮੈਂ ਬਦਲ ਗਈ ਪਰ ਕੁਝ ਗੱਲਾਂ ਉਸੇ ਤਰ੍ਹਾਂ ਪਈਆਂ ਹਨ, ਜੋ ਮੁੜ ਉਸੇ ਰੂਪ ‘ਚ ਅੰਤਰ ਮਨ ਦੇ ਰੂਬਰੂ ਹੁੰਦੀਆਂ ਹਨ।

PunjabKesari

ਅੰਮੀ
ਅੰਮੀ ਦਾ ਨਾਮ ਖ਼ਾਖ਼ਾਨੁਮਾ ਹੈ। ਪਿਆਰ ਨਾਲ ਉਨ੍ਹਾਂ ਨੂੰ ਕਾਖ਼ਾ ਕਹਿੰਦੇ ਹਨ। ਜਿਵੇਂ ਕਿ ਮੈਂ ਦੱਸਿਆ ਹੈ ਕਿ ਪਰਿਵਾਰ ‘ਚ ਮੈਂ ਨਿੱਕੀ ਸਾਂ ਅਤੇ ਅੱਬਾ ਅੰਮੀ ਦਾ ਪਿਆਰ ਮੇਰੇ ਹਿੱਸੇ ਬਹੁਤ ਆਇਆ।ਤੇਜ਼ਾਬੀ ਹਮਲੇ ਤੋਂ ਬਾਅਦ ਅੱਬਾ ਅੰਮੀ ਅਤੇ ਭਰਾਵਾਂ ਦੀ ਹੱਲਾਸ਼ੇਰੀ ਨੇ ਮੈਨੂੰ ਮਰਨ ਨਹੀਂ ਦਿੱਤਾ।ਨਹੀਂ ਤਾਂ ਤੇਜ਼ਾਬ ਨਾਲ ਸੜੇ ਚਿਹਰੇ ਤੋਂ ਬਾਅਦ ਕੁਝ ਨਹੀਂ ਬੱਚਦਾ।ਅੰਮੀ ਨੇ ਬਹੁਤ ਦੁੱਖ ਵੇਖੇ ਹਨ।ਮਾਰਚ 2003 ਦੀ ਗੱਲ ਹੈ।ਉਦੋਂ ਮੈਂ 8 ਸਾਲ ਦੀ ਸੀ।ਅੰਮੀ ਨੇ ਮੇਰੇ ਨਾਲ ਸੌਣਾ ਬੰਦ ਕਰ ਦਿੱਤਾ। ਕਿੰਨੇ ਦਿਨ ਅੰਮੀ ਨੇ ਘਰ ਤੋਂ ਬਾਹਰ ਰਹਿਣਾ। ਮੈਂ ਪੁੱਛਣਾ ਤਾਂ ਕਿਸੇ ਨੇ ਕੁਝ ਨਾ ਦੱਸਣਾ।ਗੁਲਸ਼ਨ ਮੇਰੀ ਵੱਡੀ ਭੈਣ ਮੇਰੇ ਲਈ ਅੰਮੀ ਬਣ ਗਈ ਸੀ।ਮੇਰੀਆਂ ਮਿੱਡੀਆਂ ਕਰਨੀਆਂ ਅਤੇ ਟਿਫਨ ਤਿਆਰ ਕਰਕੇ ਸਕੂਲ ਭੇਜਣ ਅਤੇ ਕੱਪੜਿਆਂ ਤੱਕ ਦਾ ਬੰਦੋਬਸਤ ਗੁਲਸ਼ਨ ਵੇਖਦੀ ਸੀ।ਮੈਂ ਇੱਕ ਦਿਨ ਘੁਸਰ ਫੁਸਰ ਸੁਣੀ।ਗੱਲਾਂ ਹੋ ਰਹੀਆਂ ਸਨ ਕਿ ਨਰਗਿਸ ਮੇਰੇ ਤੋਂ 3 ਸਾਲ ਵੱਡੀ ਹੈ ਜੇ ਉਹਨੂੰ ਸਭ ਪਤਾ ਹੈ ਤਾਂ ਮੈਨੂੰ ਵੀ ਸਭ ਕੁਝ ਦੱਸ ਦੇਣਾ ਚਾਹੀਦਾ ਹੈ।ਮੇਰੇ ਅੱਬਾ ਇਸ ਗੱਲ ਦੇ ਹੱਕ ‘ਚ ਸਨ।ਕਿਉਂ ਕਿ ਅੰਮੀ ਦੇ ਘਰ ਤੋਂ ਗੈਰ ਹਾਜ਼ਰ ਰਹਿਣ ਕਰਕੇ ਅਤੇ ਕੋਈ ਜਵਾਬ ਨਾ ਮਿਲਣ ਕਰਕੇ ਮੈਂ ਚਿੜਚੜੀ ਹੁੰਦੀ ਗਈ ਸਾਂ।ਅੱਬਾ ਨੇ ਦੱਸਿਆ ਕਿ ਅੰਮੀ ਨੂੰ ਕੈਂਸਰ ਹੈ।2004 ‘ਚ ਇਸਮਾਲੀਆ ਹਸਪਤਾਲ ‘ਚ ਅੰਮੀ ਦਾ ਇਲਾਜ ਹੋਇਆ।ਇਸ ਇਲਾਜ ਤੋਂ ਬਾਅਦ ਬਹੁਤ ਕੁਝ ਬਦਲ ਗਿਆ।

PunjabKesari

ਹਲਾਤ ਅਤੇ ਮਊ ਆਈਮਾ ਦਾ ਸਫ਼ਰ
ਅੱਬਾ ਉੱਤਰ ਪ੍ਰਦੇਸ਼ ਦੇ ਮਊ ਆਈਮਾ ਕਸਬੇ ਦੇ ਰਹਿਣ ਵਾਲੇ ਹਨ।ਅੰਮੀ ਮੁੰਬਈ ਤੋਂ ਸਨ।ਵਿਆਹ ਤੋਂ ਬਾਅਦ ਅੱਬਾ ਵੀ ਮੁੰਬਈ ਆ ਗਏ ਅਤੇ ਟੈਕਸੀ ਦੇ ਕਾਰੋਬਾਰ ‘ਚ ਆਏ।ਖ਼ੈਰ ਅੰਮੀ ਦੇ ਇਲਾਜ ਤੋਂ ਬਾਅਦ 3 ਸਾਲ ਬਹੁਤ ਔਖੇ ਰਹੇ।ਘਰ ਦੀ ਆਰਥਿਕ ਹਾਲਤ ਬਹੁਤੀ ਵਧੀਆ ਨਾ ਰਹੀ।ਫੈਸਲਾ ਹੋਇਆ ਕਿ ਪਿੰਡ ਪਰਤਿਆ ਜਾਵੇ।ਇੱਥੇ ਦਾਦਾ ਜੀ,ਚਾਚਾ ਜੀ ਰਹਿੰਦੇ ਸਨ।ਮਊ ਆਈਮਾ ਨਿੱਕਾ ਜਿਹਾ ਕਸਬਾ ਇਲਾਹਾਬਾਦ ਦੇ ਨੇੜੇ ਹੈ।ਜਨਵਰੀ 2007 ‘ਚ ਅਸੀਂ ਇੱਥੇ ਆ ਗਏ।ਮਊ ਆਈਮਾ ‘ਚ ਰਹਿੰਦਿਆਂ ਮੁੰਬਈ ਦੀ ਬਹੁਤ ਯਾਦ ਆਉਂਦੀ ਸੀ।ਮੈਂ ਆਪਣੇ ਦੋਸਤਾਂ ਨੂੰ ਯਾਦ ਕਰਦੀ ਸੀ।

ਜਮਾਲੂਦੀਨ, ਗੁਲਸ਼ਨ ਤੇ ਮੈਂ 
26 ਮਈ 2008 ਨੂੰ ਵੱਡੀ ਭੈਣ ਅਤੇ ਜੀਜਾ ਜਮਾਲੂਦੀਨ ਦਾ ਨਿਕਾਹ ਹੋਇਆ।ਸਾਡੀ ਬਰਾਦਰੀ ‘ਚ ਇਹ ਖੁਸ਼ੀ ਦਾ ਮੌਕਾ ਸੀ।ਉਂਝ ਵੀ ਸਾਡੇ ਇਹ ਮੰਨਿਆ ਜਾਂਦਾ ਹੈ ਕਿ ਕੁੜੀ ਦੀ ਜ਼ਿੰਦਗੀ ‘ਚ 2 ਅਜਿਹੇ ਪਲ ਆਉਂਦੇ ਹਨ ਜਦੋਂ ਉਹਦੀ ਸਭ ਤੋਂ ਵੱਧ ਕਦਰ ਹੁੰਦੀ ਹੈ ਅਤੇ ਉਹਨੂੰ ਖੁਸ਼ੀ ਮਿਲਦੀ ਹੈ।ਇਹ ਮੌਕਾ ਵਿਆਹ ਦਾ ਹੁੰਦਾ ਹੈ ਅਤੇ ਦੂਜਾ ਜਦੋਂ ਕੁੜੀ ਗਰਭਵਤੀ ਹੁੰਦੀ ਹੈ।ਵਿਆਹ ‘ਚ ਆਪਣੀ ਹੈਸੀਅਤ ਤੋਂ ਵੱਧਕੇ ਵਿਆਹ ਕੀਤਾ ਗਿਆ।ਮਿਹਰ (ਦਾਜ) ਵਿੱਚ ਟੀਵੀ,ਭਾਂਡੇ,ਗਹਿਣੇ (ਸੱਸ ਅਤੇ ਨਨਾਣ ਲਈ) ਦਿੱਤੇ ਗਏ।ਬਰਾਤ ਲਈ ਜਲੇਬੀਆਂ,ਲੱਡੂ,ਖੀਰ ਅਤੇ ਵੰਨ ਸੁਵੰਨੀ ਮਿਠਾਈ ਕੱਢੀ ਗਈ।ਵਿਆਹ ਸੋਹਣਾ ਹੋਵੇ ਇਸ ਲਈ ਮੁੰਬਈ ‘ਚ ਅੱਬਾ ਜੀ ਦਾ ਟੈਕਸੀ ਕਾਰੋਬਾਰ ਵੀ ਚਲਾ ਗਿਆ।ਦਾਦਾ ਜੀ ਅਤੇ ਚਾਚਾ ਜੀ ਨੇ ਆਪਣੀ ਥੌੜ੍ਹੀ ਜਾਇਦਾਦ ਵੇਚਕੇ ਗੁਲਸ਼ਨ ਦੇ ਵਿਆਹ ‘ਚ ਯੋਗਦਾਨ ਪਾਇਆ।ਉਸ ਦਿਨ ਗੁਲਸ਼ਨ ਆਪਾ (ਭੈਣ) ਬਹੁਤ ਸੋਹਣੀ ਲੱਗਦੀ ਸੀ।ਉਹਨੇ ਸਿਲਕ ਦੇ ਧਾਗੇ ਦੀ ਕਢਾਈ ਵਾਲਾ ਲਹਿੰਗਾ ਪਾਇਆ ਸੀ।ਵਿਆਹ ਤੋਂ ਬਾਅਦ ਉਹ ਅਤੇ ਜਮਾਲੂਦੀਨ ਮੁੰਬਈ ਆਪਣੀ ਭੈਣ (ਨਨਾਣ) ਕੋਲ ਆ ਗਏ।ਪਹਿਲਾਂ ਪਹਿਲਾਂ ਗੁਲਸ਼ਨ ਦਾ ਫੌਨ ਆਉਂਦਾ ਤਾਂ ਉਹਦੀ ਖੁਸ਼ੀ ਦਾ ਅਹਿਸਾਸ ਹੋਣਾ।ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਸੀ ਕਿ ਉਹ ਮੁੰਬਈ ਹੈ ਜੀਹਦਾ ਮੈਨੂੰ ਚੇਤਾ ਆਉਂਦਾ ਹੈ ਪਰ ਮੈਂ ਇੱਥੇ ਮਊ ਆਈਮਾ ‘ਚ ਹਾਂ।9 ਅਪ੍ਰੈਲ 2009 ‘ਚ ਸੌਫੀ ਦਾ ਜਨਮ ਹੋਇਆ।ਭਣੇਵੇਂ ਦੀ ਖੁਸ਼ੀ ਬਹੁਤ ਸੀ।

PunjabKesari

ਜਮਾਲੂਦੀਨ ਦੇ ਪਰਿਵਾਰ ‘ਚ ਇਹ ਖਾਸ ਸੀ ਕਿਉਂ ਕਿ ਜਮਾਲੂਦੀਨ ਆਪ 5 ਭੈਣਾਂ ਤੋਂ ਬਾਅਦ ਹੋਇਆ ਸੀ ਪਰ ਉਹਦਾ ਪਹਿਲਾਂ ਬੱਚਾ ਹੀ ਮੁੰਡਾ ਹੋਇਆ।ਉਦੋਂ ਮੈਂ 12 ਸਾਲ ਦੀ ਸੀ।ਫਿਰ 10 ਅਪ੍ਰੈਲ 2011 ਨੂੰ ਗੁਲਸ਼ਨ ਦੇ ਕੁੜੀ (ਨਾਮ ਰਿਜ਼ਾ) ਹੋਈ।ਹੁਣ ਹਲਾਤ ਪਹਿਲਾਂ ਵਾਲੇ ਨਹੀਂ ਸਨ।ਜਦੋਂ ਸੌਫੀ ਹੋਇਆ ਸੀ ਉਸ ਸਮੇਂ ਵੀ ਜਮਾਲੂਦੀਨ ਦੇ ਘਰ ਦੇ ਹਸਪਤਾਲ ਤੋਂ ਨਿਕਲ ਗਏ ਸਨ ਅਤੇ ਸਾਰਾ ਖਰਚਾ ਅੱਬਾ ਜੀ ਨੂੰ ਪਿਆ ਸੀ ਕਿਉਂ ਕਿ ਉਹਨਾਂ ਦਾ ਮੰਨਣਾ ਸੀ ਇਹ ਤੁਹਾਡੀ ਕੁੜੀ ਹੈ ਅਤੇ ਤੁਹਾਡਾ ਫਰਜ਼ ਹੈ।ਰਿਜ਼ਾ ਵਾਰੀ ਜਮਾਲੂਦੀਨ ਦੇ ਪਰਿਵਾਰ ਵਾਲੇ ਲਿੰਗ ਜਾਂਚ ਵੀ ਕਰਨਾ ਚਾਹੁੰਦੇ ਸਨ ਪਰ ਆਪਾ ਡਟੀ ਰਹੀ।ਮਈ 2013 ਨੂੰ ਗੁਆਂਢੀਆਂ ਦਾ ਫੌਨ ਆਇਆ ਕਿ ਤੁਹਾਡੀ ਕੁੜੀ ਨੂੰ ਉਹ ਮਾਰ ਰਹੇ ਹਨ।ਇਹਨਾਂ ਸਾਲਾਂ ‘ਚ ਮੈਂ ਅਤੇ ਪਰਿਵਾਰ ਮਊ ਆਈਮਾ ‘ਚ ਰਹਿੰਦੇ ਸਾਂ।ਅੱਬਾ ਅਤੇ ਭਰਾ ਮੁੰਬਈ ਟੈਕਸੀ ਚਲਾਉਂਦੇ ਸਨ।ਗੁਲਸ਼ਨ ਦੇ ਹਲਾਤ ਅਜਿਹੇ ਸਨ ਕਿ ਉਹ ਵੀ ਮਊ ਆਈਮਾ ਆ ਗਈ।ਕੁੱਟਮਾਰ,ਮਾਨਸਿਕ ਸ਼ੋਸ਼ਨ ਅਤੇ ਇਸ ਦੌਰਾਨ ਉਹਨੇ ਖੁਦਕੁਸ਼ੀ ਕਰਨ ਦੀ ਕੌਸ਼ਿਸ਼ ਵੀ ਕੀਤੀ।ਫਿਰ ਫੈਸਲਾ ਆਇਆ।18 ਮਈ 2014 ਨੂੰ ਇਲਾਹਾਬਾਦ ਹਾਈਕੋਰਟ ਨੇ ਗੁਲਸ਼ਨ ਦੇ ਹੱਕ ‘ਚ ਫੈਸਲਾ ਸੁਣਾਇਆ,ਤਲਾਕ ਹੋਇਆ ਅਤੇ ਸੌਫੀ ਵੀ ਗੁਲਸ਼ਨ ਨੂੰ ਮਿਲਿਆ।ਅਗਲੇ ਦਿਨ 19 ਮਈ 2014 ਨੂੰ ਮੈਂ ਇਮਤਿਹਾਨ ਦੇਣ ਜਾਣਾ ਸੀ,ਆਪਾ ਨੇ ਅਦਾਲਤ ਜਾਣਾ ਸੀ ਕਿਉਂ ਕਿ ਆਖਰੀ ਕਾਗਜ਼ੀ ਕਾਰਵਾਈ ਨਬੇੜਣੀ ਸੀ।ਪਰ ਇਹ ਤਾਰੀਖ਼ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਗਈ।ਜਮਾਲੂਦੀਨ,ਉਹਦੇ ਭਰਾ ਅਤੇ ਭਣੇਵੇਂ ਨੇ ਤੇਜ਼ਾਬੀ ਹਮਲਾ ਕੀਤਾ ਜਿਸ ਦੀ ਸ਼ਿਕਾਰ ਮੈਂ ਹੋਈ।

ਮੈਂ ਸੋਚਦੀ ਹਾਂ ਜੋ…
ਅੱਬਾ ਜੀ ਕਹਿੰਦੇ ਕਿ ਤੂੰ ਹੀ ਕਿਉਂ ? ਤੈਨੂੰ ਹੀ ਕਿਉਂ ? ਇਹਨਾਂ ਹਲਾਤ ‘ਚ ਅੱਬਾ ਅਤੇ ਅੰਮੀ ਵੀ ਬਹੁਤ ਦਰਦ ‘ਚੋਂ ਲੰਘੇ ਹਨ।ਜਦੋਂ ਅੱਬਾ ਇੰਝ ਕਹਿੰਦੇ ਤਾਂ ਇਜ਼ਾਜ਼ ਕਹਿੰਦਾ ਕਿ ਰੇਸ਼ਮਾ ਸਾਹਮਣੇ ਇੰਝ ਦੀਆਂ ਗੱਲਾਂ ਨਾ ਕਰਿਆ ਕਰੋ।ਤੁਸੀਂ ਸਮਝ ਸਕਦੇ ਹੋ ਕਿ ਇਹ ਜ਼ਿੰਦਗੀ ਕਿੰਨੀ ਔਖੀ ਸੀ।ਬੱਸ ਇੰਝ ਹੀ ਤੁਰਦੇ ਤੁਰਦੇ ਜ਼ਿੰਦਗੀ ਹਸਪਤਾਲਾਂ ‘ਚ ਸੀ,ਅਦਾਲਤਾਂ ‘ਚ ਸੀ।ਜਮਾਲੂਦੀਨ ਜੇਲ੍ਹ ‘ਚ ਹੈ ਅਤੇ ਉਹਦੇ ਬਾਕੀ ਸਾਥੀ ਅਜੇ ਤੱਕ ਫਰਾਰ ਹਨ।ਮੈਂ ਸੋਚਦੀ ਹਾਂ ਕਿ ਕੁੜੀਆਂ ਦੀ ਵੀ ਕੀ ਜ਼ਿੰਦਗੀ ਹੈ।ਇਸੇ ਦੌਰਾਨ ਜਦੋਂ ਮੈਂ ਆਪਣੇ ਸੰਘਰਸ਼ ‘ਚੋਂ ਲੰਘ ਰਹੀ ਸਾਂ ਤਾਂ ਮੇਰੇ ਤੋਂ ਪਹਿਲਾਂ 16 ਦਿਸੰਬਰ 2012 ਨੂੰ ਨਿਰਭਿਆ ਕੇਸ ਦਿੱਲੀ ਹੋਇਆ।ਕਹਿੰਦੇ ਸਨ ਕਿ ਇਸ ਤੋਂ ਬਾਅਦ ਕਾਨੂੰਨ ਸਖਤ ਹੋ ਗਏ ਹਨ।ਹੁਣ ਕੁੜੀਆਂ ‘ਤੇ ਜ਼ੁਲਮ ਨਹੀਂ ਹੋਣਗੇ ਪਰ ਇਸ ਤੋਂ 2 ਸਾਲ ਬਾਅਦ ਮੇਰੇ ਨਾਲ ਇਹ ਹੋਇਆ।23 ਸਾਲਾਂ ਨਿਰਭਿਆ 29 ਦਿਸੰਬਰ 2012 ਨੂੰ ਮਰ ਗਈ।ਇਸ ਘਟਨਾ ਤੋਂ ਬਾਅਦ ਬਲਾਤਕਾਰ ਵਧੇ,ਤੇਜ਼ਾਬੀ ਹਮਲੇ ਵੀ ਵਧੇ।2018 ‘ਚ 8 ਸਾਲਾਂ ਬੱਚੀ ਨਾਲ ਉਹਦੇ ਹੀ 27 ਸਾਲਾ ਦੂਰ ਦੇ ਭਰਾ ਨੇ ਬਲਾਤਕਾਰ ਕੀਤਾ।2012-2014 250 ਫੀਸਦੀ ਹਾਦਸੇ ਹੋਰ ਵਧੇ ਹਨ।ਇਹ ਨਬਜ਼ ਕੀ ਹੈ? ਇਸ ਨਬਜ਼ ਦੀ ਪਛਾਣ ਕਦੋਂ ਕਰੋਗੇ ?

PunjabKesari

ਨਿਊ ਯਾਰਕ ਫੈਸ਼ਨ ਵੀਕ
ਇੱਕ ਗੱਲ ਪੱਕੀ ਹੈ ਕਿ ਮਰਿਆ ਨਾਲ ਮਰਿਆ ਨਹੀਂ ਜਾਂਦਾ ਅਤੇ ਜੀਣਾ ਤਾਂ ਆਖਰ ਜੀਣਾ ਹੀ ਪੈਂਦਾ ਹੈ।ਜਿੱਥੇ ਕੰਢੇ ਹਨ ਉੱਥੇ ਤਮਾਮ ਉਮੀਦਾਂ ਵੀ ਹਨ।ਇਹ ਮੇਰੇ ‘ਤੇ ਸੀ ਚਾਹੇ ਤਾਂ ਲਚਾਰੀ ‘ਚ ਜਿਊ ਲਵਾਂ ਚਾਹੇ ਅੱਗੇ ਦੀ ਰੌਸ਼ਨੀ ਵੇਖਾ।ਅਤੀਤ ਨਾਲ ਜੁੜੇ ਰਹਿਣਾ ਜ਼ਰੂਰੀ ਹੈ।ਇਹ ਜੜ੍ਹਾਂ ਹਨ ਜਿਹਨਾਂ ਦੀ ਬੁਨਿਆਦ ਅੱਬਾ ਹਨ,ਉਹ ਲੋਕ ਹਨ ਜੋ ਇਸ ਹਮਲੇ ਤੋਂ ਬਾਅਦ ਮੇਰੇ ਨਾਲ ਤੁਰੇ।ਹਾਂ ਅਤੀਤ ‘ਚ ਰਹਿਣਾ ਜ਼ਰੂਰੀ ਨਹੀਂ।ਅਤੀਤ ‘ਚ ਮੇਰੇ ਨਾਲ ਹੋਏ ਹਾਦਸੇ ਦੀ ਯਾਦਾਂ ਹੀ ਹਨ।ਇਸ ਦੌਰਾਨ 2014 ‘ਚ ‘ਮੇਕ ਲਵ ਨੋਟ ਸਕਾਰਸ’ ਮੇਰੀ ਜ਼ਿੰਦਗੀ ‘ਚ ਆਈ।ਦਿੱਲੀ ਦੀ ਇਹ ਸੰਸਥਾ ਨੇ ਮੇਰਾ ਇਲਾਜ ਕਰਵਾਇਆ।ਰਿਆ ਸ਼ਰਮਾ ਹੁਣਾਂ ਨੇ ਮੈਨੂੰ ਉਮੀਦ ਦਿੱਤੀ।ਇਸੇ ਉਮੀਦ ‘ਚ ਤੇਜ਼ਾਬ ਪੀੜਤਾਂ ਲਈ ਸੇਵਾ ਕਰਨ ਦਾ ਅਧਾਰ ਬਣਿਆ।ਆਪਣਾ ਸੁਫ਼ਨਾ ਜਿਊਣ ਦਾ ਸਬੱਬ ਮਿਲਿਆ।ਇੰਝ ਤੁਰਦੇ ਤੁਰਦੇ ਮੈਂ ਫੈਸ਼ਨ ਜਗਤ ਦੀ ਪਹਿਲੀ ਤੇਜ਼ਾਬ ਪੀੜਤ ਮਾਡਲ ਬਣੀ ਅਤੇ 2016 ਦੇ ਨਿਊ ਯਾਰਕ ਫੈਸ਼ਨ ਵੀਕ ‘ਚ ਸ਼ਿਰਕਤ ਕੀਤੀ।

ਬੀਇੰਗ ਰੇਸ਼ਮਾ…
ਇਹ ਕਿਤਾਬ ਮੇਰੀ ਇਸ ਸਾਲ ਆਈ ਹੈ।ਜ਼ਿੰਦਗੀ ਦਾ ਕੁੱਲ ਜਮ੍ਹਾਂ ਬਾਕੀ ਇਹੋ ਹੈ ਕਿ ਬਾਕੀ ਜ਼ਿੰਦਗੀ ‘ਚ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਾਂ।ਮੈਂ ਚਾਹੁੰਦੀ ਹਾਂ ਕਿ ਖੁਦ ਦੀ ਜ਼ਿੰਦਗੀ ‘ਤੇ ਫਿਲਮ ਬਣੇ।ਮੈਂ ਖੁਦ ਵੀ ਅਦਾਕਾਰੀ ਕਰਨੀ ਚਾਹੁੰਦੀ ਹਾਂ।ਇਹ ਮੇਰਾ ਸ਼ੌਂਕ ਹੈ।ਇਹ ਕਿਤਾਬ ਮੇਰੀ ਜ਼ਿੰਦਗੀ ਦਾ ਦਸਤਖ਼ਤ ਹੈ ਅਤੇ ਮੇਰੀ ਇਸ ਜ਼ੁਬਾਨ ਨੂੰ ਤਾਨੀਆ ਸਿੰਘ ਨੇ ਸ਼ਬਦੀ ਅਧਾਰ ਦਿੱਤਾ ਹੈ।ਤਾਨੀਆ ਅਤੇ ਮੈਂ ਇੰਝ ਕੰਮ ਕਰਦੇ ਇੱਕ ਦੂਜੇ ਦੇ ਪੂਰਕ ਜਹੇ ਮਹਿਸੂਸ ਕਰਦੇ ਹਾਂ।ਬੱਸ ਇਹੋ ਹੈ ਮੇਰੀ ਜ਼ਿੰਦਗੀ ਜੋ ਤੇਜ਼ਾਬ ਨਾਲ ਸੜੇ ਚਿਹਰੇ ਦੇ ਅੰਦਰ ਹਜ਼ਾਰਾਂ ਖੁਸ਼ੀਆਂ ਨੂੰ ਸਮੇਟ ਲੈਣਾ ਚਾਹੁੰਦੀ ਹੈ ਅਤੇ ਇੱਕ ਹੀ ਜ਼ਿੰਦਗੀ ‘ਚ ਹਜ਼ਾਰਾਂ ਖੁਸ਼ੀਆਂ ਨੂੰ ਜਿਊ ਲੈਣਾ ਚਾਹੁੰਦੀ ਹੈ ਅਤੇ ਅਜਿਹੀ ਦੁਨੀਆਂ ਦੀ ਉਮੀਦ ਕਰਦੀ ਹੈ ਜਿੱਥੇ ਜ਼ੁਲਮ ਦੀ ਹਰ ਠਕੋਰ ਕੁੜੀਆਂ ‘ਤੇ ਨਾ ਵਰ੍ਹੇ।ਅਸੀਂ ਕੁੜੀਆਂ ਤਾਂ ਮੁਹੱਬਤ ਹਾਂ ਫਿਰ ਸਾਨੂੰ ਤੁਸੀਂ ਆਪਣੀ ਤਾਕਤ ਦੀ ਅਜ਼ਮਾਇਸ਼ ਦਾ ਹਿੱਸਾ ਕਿਉਂ ਬਣਾ ਲੈਂਦੇ ਹੋ।ਸਲਾਮ ਹੈ ਉਹਨਾਂ ਨੂੰ ਜੋ ਅੱਜ ਵੀ ਆਪਣੇ ਦਿਲ ‘ਚ ਉਸ ਸੰਵੇਦਨਾ ਨੂੰ ਜਿਊਂਦਾ ਰੱਖਦੇ ਹਨ ਜੋ ਗਲਤ ਹੋਣ ਦੇ ਖਿਲ਼ਾਫ ਖੜ੍ਹੇ ਹੋ ਜਾਂਦੇ ਹਨ।

 


 


author

rajwinder kaur

Content Editor

Related News