ਚਾਵਾਂ ਨਾਲ 4 ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ''ਡੋਲੀ'', ਹੁਣ ਲਾਸ਼ ਨੂੰ ਦੇਖ ਭੁੱਬਾ ਮਾਰ ਰੋਇਆ ਪਰਿਵਾਰ

Monday, Apr 27, 2020 - 07:47 PM (IST)

ਚਾਵਾਂ ਨਾਲ 4 ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ''ਡੋਲੀ'', ਹੁਣ ਲਾਸ਼ ਨੂੰ ਦੇਖ ਭੁੱਬਾ ਮਾਰ ਰੋਇਆ ਪਰਿਵਾਰ

ਜਲੰਧਰ (ਮਹੇਸ਼)— ਇੰਗਲੈਂਡ 'ਚ ਰਹਿੰਦੇ ਥਾਣਾ ਸਦਰ ਦੇ ਪਿੰਡ ਪੰਡੋਰੀ ਮੁਸ਼ਾਰਕਤੀ ਦੇ ਵਾਸੀ ਜਸਪਾਲ ਸਿੰਘ (30) ਪੁੱਤਰ ਪਿਆਰਾ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਵਿਆਹ ਤੋਂ 4 ਮਹੀਨੇ ਬਾਅਦ ਖੁਦਕੁਸ਼ੀ ਕਰ ਲਈ। ਅਜੇ ਤਾਂ ਉਸ ਦੇ ਹੱਥਾਂ ਤੋਂ ਵਿਆਹ ਵਾਲਾ ਲਾਲ ਚੂੜਾ ਵੀ ਨਹੀਂ ਉਤਰਿਆ ਸੀ। ਵਿਆਹੁਤਾ ਦੀ ਲਾਸ਼ ਬਾਥਰੂਮ 'ਚੋਂ ਲਟਕਦੀ ਹੋਈ ਮਿਲੀ। ਮੌਕੇ 'ਤੇ ਪੁੱਜੇ ਥਾਣਾ ਸਦਰ ਦੀ ਪੁਲਸ ਚੌਕੀ ਜੰਡਿਆਲਾ ਦੇ ਮੁਖੀ ਪੰਡਿਤ ਨਰਿੰਦਰ ਮੋਹਨ ਨੇ ਵਿਆਹੁਤਾ ਦੀ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੱਸ ਨੂੰ ਚਾਹ ਬਣਾ ਕੇ ਦੇਣ ਮਗਰੋਂ ਲਾ ਲਿਆ ਮੌਤ ਨੂੰ ਗਲੇ
ਪੁਲਸ ਨੂੰ ਮ੍ਰਿਤਕਾ ਦੀ ਸੱਸ ਸੁਰਜੀਤ ਕੌਰ ਨੇ ਦੱਸਿਆ ਕਿ ਸ਼ਾਮ ਨੂੰ ਉਸ ਦੀ ਨੂੰਹ ਕਰਮਜੀਤ ਕੌਰ ਨੇ ਚਾਹ ਬਣਾਈ ਸੀ, ਜੋ ਉਸ ਨੂੰ ਅਤੇ ਗੁਆਂਢ ਤੋਂ ਉਨ੍ਹਾਂ ਦੇ ਘਰ 'ਚ ਆਈ ਇਕ ਹੋਰ ਔਰਤ ਨੂੰ ਦਿੱਤੀ। ਇਸ ਤੋਂ ਬਾਅਦ ਉਹ ਚਾਹ ਦਾ ਕੱਪ ਲੈ ਕੇ ਆਪਣੇ ਕਮਰੇ 'ਚ ਚੱਲੀ ਗਈ। ਜਦੋਂ ਕਾਫੀ ਦੇਰ ਤੱਕ ਉਹ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਅੰਦਰ ਜਾ ਕੇ ਵੇਖਿਆ ਕਿ ਬੈਡਰੂਮ ਨਾਲ ਲੱਗਦੇ ਬਾਥਰੂਮ 'ਚ ਉਸ ਦੀ ਨੂੰਹ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਸ ਨੇ ਦਸਿਆ ਕਿ ਘਰ 'ਚ ਉਸ ਦੇ ਨਾਲ ਸਿਰਫ ਉਸ ਦੀ ਨੂੰਹ ਹੀ ਰਹਿੰਦੀ ਸੀ। ਉਸ ਦੇ 2 ਬੇਟੇ ਅਤੇ ਇਕ ਧੀ ਵਿਦੇਸ਼ 'ਚ ਰਹਿੰਦੇ ਹਨ। ਪੁਲਸ ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਬਾਰੇ ਦਸਿਆ ।

ਇਹ ਵੀ ਪੜ੍ਹੋ: ਬੁਲੇਟ 'ਤੇ ਲਾੜੀ ਵਿਆਹ ਕੇ ਲਿਆਇਆ ਲਾੜਾ, ਕਹਿੰਦੇ 'ਬੱਚ ਗਿਆ ਖਰਚਾ ਭਾਰਾ'

PunjabKesari

ਧੀ ਦੀ ਲਾਸ਼ ਨੂੰ ਦੇਖ ਪਿਤਾ ਹੋਇਆ ਬੇਹੋਸ਼
ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕਾ ਕਰਮਜੀਤ ਕੌਰ ਦੇ ਪਿਤਾ ਤਕਦੀਰ ਸਿੰਘ ਅਤੇ ਚਾਚਾ ਰਣਬੀਰ ਸਿੰਘ ਵਾਸੀ ਪਿੰਡ ਭੌਰਾ ਥਾਣਾ ਸਦਰ ਬੰਗਾ ਜ਼ਿਲਾ ਨਵਾਂਸ਼ਹਰ ਵੀ ਉੱਥੇ ਪਹੁੰਚ ਗਏ।ਇਸ ਦੌਰਾਨ ਮ੍ਰਿਤਕ ਧੀ ਨੂੰ ਦੇਖ ਕੇ ਉਸ ਦਾ ਪਿਤਾ ਤਕਦੀਰ ਸਿੰਘ ਬੇਹੋਸ਼ ਹੋ ਗਿਆ। ਇਸ ਦੌਰਾਨ ਚਾਚਾ ਰਣਬੀਰ ਸਿੰਘ ਨੇ ਦੱਸਿਆ ਕਿ ਕਰਮਜੀਤ ਕੌਰ ਦਾ ਵਿਆਹ 2 ਦਸੰਬਰ 2019 ਨੂੰ ਜਸਪਾਲ ਸਿੰਘ ਨਾਲ ਪੰਡੋਰੀ ਮੁਸ਼ਾਰਕਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਜਨਵਰੀ 2020 ਦੇ ਆਖਿਰ 'ਚ ਜਸਪਾਲ ਵਾਪਸ ਇੰਗਲੈਂਡ ਚਲਾ ਗਿਆ। ਕਰਮਜੀਤ ਕੌਰ ਨੇ ਵੀ ਵਿਦੇਸ਼ ਜਾਣਾ ਸੀ, ਜਿਸ ਲਈ ਉਸ ਨੇ ਆਈਲੈਟਸ ਵੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ:  ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ

ਚਾਚਾ ਰਣਬੀਰ ਸਿੰਘ ਨੇ ਦਸਿਆ ਕਿ ਉਸ ਦੀ ਭਤੀਜੀ ਖੁਦਕੁਸ਼ੀ ਨਹੀਂ ਕਰ ਸਕਦੀ। ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਉਸ ਨੂੰ ਸਹੁਰਾ ਪਰਿਵਾਰ ਨੇ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਉਹ ਆਪਣੇ ਬਿਆਨ ਦਰਜ ਕਰਵਾਉਗੇ । ਥਾਣਾ ਮੁਖੀ ਪੰਡਿਤ ਨਰਿੰਦਰ ਮੋਹਣ ਨੇ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ । ਮ੍ਰਿਤਕਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਦਿੱਤਾ ਗਿਆ ਪਰ ਰਿਪੋਰਟ ਆਉਣੀ ਬਾਕੀ ਹੈ। ਪੁਲਸ ਮ੍ਰਿਤਕਾ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਵੀ ਕਢਵਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: 'ਹਰਜੀਤ ਸਿੰਘ' ਦੇ ਸਮਰਥਨ 'ਚ ਪੰਜਾਬ ਪੁਲਸ, ਨੇਮ ਪਲੇਟ ਲਗਾ ਕੇ ਬਹਾਦਰੀ ਨੂੰ ਕੀਤਾ ਸਲਾਮ


author

shivani attri

Content Editor

Related News