ਜਲਾਲਾਬਾਦ ''ਚ ਸਮੂਹਿਕ ਜਬਰ-ਜ਼ਨਾਹ ਦੀ ਸ਼ਿਕਾਰ 11ਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ

Sunday, Oct 29, 2017 - 07:36 PM (IST)

ਜਲਾਲਾਬਾਦ (ਨਿਖੰਜ, ਬੰਟੀ) : ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਢਾਬ ਕੜਿਆਲ ਵਿਖੇ ਜਬਰ-ਜ਼ਨਾਹ ਦੀ ਸ਼ਿਕਾਰ ਨਾਬਾਲਿਗ ਸਕੂਲੀ ਵਿਦਿਆਰਥਣ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਖਬਰ ਫੈਲਣ ਸਾਰ ਪੂਰੇ ਇਲਾਕੇ ਅਤੇ ਪਿੰਡ ਢਾਬ ਕੜਿਆਲ   ਵਿਖੇ ਸੋਗ ਦੀ ਲਹਿਰ ਦੌੜ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜਲਾਲਾਬਾਦ ਦੇ ਡੀ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਥਾਣਾ ਸਦਰ ਦੇ ਐੱਸ.ਐੱਚ.ਓ. ਓਮ ਪ੍ਰਕਾਸ਼ ਮ੍ਰਿਤਕ ਲੜਕੀ ਦੇ ਘਰ ਪੁੱਜੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਜਲਾਲਾਬਾਦ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਨਾਬਾਲਿਗ ਲੜਕੀ ਰਮਨਪ੍ਰੀਤ ਕੌਰ (ਕਾਲਪਨਿਕ ਨਾਮ) ਉਮਰ ਕਰੀਬ 17 ਸਾਲ ਜੋ ਕਿ ਨਾਲ ਲੱਗਦੇ ਪਿੰਡ ਚੱਕ ਵੈਰੋ ਕੇ ਦੇ ਸਰਕਾਰੀ ਸਕੂਲ 'ਚ 11ਵੀਂ ਜਮਾਤ ਦੀ ਵਿਦਿਆਥਣ ਸੀ ਅਤੇ ਬੀਤੀ 25 ਅਕਤੂਬਰ ਦੀ ਦੁਪਹਿਰ ਨੂੰ 1.40 'ਤੇ ਜਦੋਂ ਆਪਣੇ ਘਰ ਨੂੰ ਆ ਰਹੀ ਸੀ ਤਾਂ ਪਿੰਡ ਚੱਕ ਬਲੋਚਾ ਮਾਹਲਮ ਦੇ ਕੋਲ ਬਣੇ ਪੈਟਰੋਲ ਪੰਪ ਨੇੜੇ 2 ਮੋਟਰਸਾਈਕਲਾਂ 'ਤੇ ਸਵਾਰ 3 ਨੌਜਵਾਨ ਜਿਹੜੇ ਕਿ ਲੜਕੀ ਨੂੰ ਝਾਂਸਾ ਦੇ ਕੇ ਲੈ ਗਏ ਅਤੇ ਵਾਰੀ-ਵਾਰੀ ਬਲਾਤਕਾਰ ਕੀਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੀ ਰਮਨਪ੍ਰੀਤ ਕੌਰ ਦੀ ਮਾਤਾ ਦੇ ਬਿਆਨਾਂ 'ਤੇ ਪਿੰਡ ਮਾਹਲਮ ਦੇ ਨੌਜਵਾਨ ਮੇਜਰ ਸਿੰਘ ਅਤੇ 2 ਹੋਰ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਡੀ.ਐੱਸ.ਪੀ ਜਲਾਲਾਬਾਦ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਫਾਜ਼ਿਲਕਾ ਭੇਜਿਆ ਜਾ ਰਿਹਾ ਹੈ ਅਤੇ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਡੀ.ਐੱਸ.ਪੀ ਨੇ ਕਿਹਾ ਕਿ ਮਾਮਲੇ 'ਚ ਨਾਮਜ਼ਦ ਦੋਸ਼ੀ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।


Related News